ਸ੍ਰੀ ਫ਼ਤਹਿਗੜ੍ਹ ਸਾਹਿਬ/28 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
“ਐਮਪੀ ਕੰਗਣਾ ਰਣੌਤ ਜਾਂ ਖੱਟਰ ਵੱਲੋ ਜੋ ਜਿੰਮੀਦਾਰਾਂ, ਸਿੱਖ ਕੌਮ ਅਤੇ ਪੰਜਾਬੀਆਂ ਪ੍ਰਤੀ ਗੈਰ ਇਖਲਾਕੀ ਸ਼ਬਦਾਵਲੀ ਦੀ ਵਰਤੋ ਕਰਕੇ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ, ਉਹ ਮੌਜੂਦਾ ਵਜ਼ੀਰ ਏ ਆਜਮ ਮੋਦੀ ਜਾਂ ਗ੍ਰਹਿ ਵਜੀਰ ਅਮਿਤ ਸ਼ਾਹ ਦੇ ਹੁਕਮਾਂ ਤੋ ਬਿਨ੍ਹਾਂ ਨਹੀ ਹੋ ਸਕਦੀ। ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਨੱਢਾ,ਹਰਜੀਤ ਸਿੰਘ ਗਰੇਵਾਲ ਅਤੇ ਚੰਡੀਗੜ੍ਹ ਬੀਜੇਪੀ ਦੇ ਮੀਤ ਪ੍ਰਧਾਨ ਇਸ ਹੋ ਰਹੀ ਮੰਦਭਾਵਨਾ ਭਰੀ ਬਿਆਨਬਾਜੀ ਨੂੰ ਮੁੱਖ ਰੱਖਦੇ ਹੋਏ ਨਿਰੰਤਰ ਇਨ੍ਹਾਂ ਨੂੰ ਪਾਰਟੀ ਵਿਚੋ ਬਰਖਾਸਤ ਕਰਨ ਦੀ ਮੰਗ ਕਰਦੇ ਆ ਰਹੇ ਹਨ । ਪਰ ਇਸਦੇ ਬਾਵਜੂਦ ਵੀ ਮੋਦੀ ਹਕੂਮਤ ਵੱਲੋ ਅਤੇ ਪਾਰਟੀ ਵੱਲੋ ਇਨ੍ਹਾਂ ਦੀ ਮੰਦਭਾਵਨਾ ਭਰੀ ਕੀਤੀ ਜਾ ਰਹੀ ਬਿਆਨਬਾਜੀ ਨੂੰ ਰੋਕਣ ਲਈ ਕੋਈ ਵੀ ਉਚਿਤ ਕਦਮ ਨਾ ਤਾ ਉਠਾਇਆ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਨਫਰਤ ਪੈਦਾ ਕਰਨ ਵਾਲੀਆ ਕਾਰਵਾਈਆ ਦੇ ਅਨੁਸਾਸਨ ਨੂੰ ਭੰਗ ਕਰਨ ਦੀ ਬਦੌਲਤ ਪਾਰਟੀ ਵਿਚੋ ਬਰਖਾਸਤ ਕੀਤਾ ਜਾ ਰਿਹਾ ਹੈ । ਜਿਸ ਤੋ ਸਪਸ਼ਟ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਹੀ ਕੰਗਣਾ ਰਣੌਤ,ਖੱਟਰ ਅਤੇ ਇਕ-ਦੋ ਹੋਰ ਸੂਬਿਆਂ ਦੇ ਆਗੂਆਂ ਤੋ ਅਜਿਹੀ ਨਫਰਤ ਪੈਦਾ ਕਰਨ ਵਾਲੀ ਬਿਆਨਬਾਜੀ ਕਰਵਾਈ ਜਾ ਰਹੀ ਹੈ। ਜਿਸਦੇ ਨਿਕਲਣ ਵਾਲੇ ਨਤੀਜਿਆ ਦਾ ਸਾਇਦ ਉਨ੍ਹਾਂ ਨੂੰ ਗਿਆਨ ਨਹੀ ਹੈ ।” ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਮ.ਪੀ ਕੰਗਣਾ ਰਣੌਤ, ਖੱਟਰ ਅਤੇ ਹੋਰ ਆਗੂਆਂ ਵੱਲੋ ਨਿਰੰਤਰ ਪੰਜਾਬੀਆਂ, ਸਿੱਖ ਕੌਮ ਅਤੇ ਜਿੰਮੀਦਾਰ ਵਰਗ ਵਿਰੁੱਧ ਕੀਤੀ ਜਾ ਰਹੀ ਨਫ਼ਰਤ ਭਰੀ ਬਿਆਨਬਾਜੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ।