ਤਪਾ ਮੰਡੀ 27 ਸਤੰਬਰ(ਯਾਦਵਿੰਦਰ ਸਿੰਘ ਤਪਾ)-
ਅੱਜ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ‘ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਪਿੰਡ ਢਿੱਲਵਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬ ਰੈਲੀ ਕੀਤੀ ਗਈ। ਇਸ ਮੌਕੇ ਮਜ਼ਦੂਰ ਆਗੂਆਂ ਨੂੰ ਪੰਚਾਇਤੀ ਚੋਣਾਂ ਵਿੱਚ ਸਰਪੰਚੀ ਤੇ ਮੈਂਬਰੀ ਲਈ ਉਮੀਦਵਾਰ ਖੜ੍ਹੇ ਕਰਨ ਦਾ ਸੱਦਾ ਦਿੱਤਾ। ਰੈਲੀ ਨੂੰ ਸੰਬੋਧਨ ਕਰਦੇ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਦੇ ਸੂਬਾ ਕਮੇਟੀ ਮੈਂਬਰ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਤੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਸੱਤਾ ਦੀ ਕੁਰਸੀ ਉਪਰ ਬੈਠੇ ਹਾਕਮ ਸ਼ਹੀਦਾਂ ਦੀ ਵਿਚਾਰਧਾਰਾ ਦੇ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆ ਕਾਰਨ 78 ਸਾਲਾਂ ਦੀ ਆਜ਼ਾਦੀ ਬਾਅਦ ਵੀ ਲੋਕ ਬੇਰੁਜ਼ਗਾਰੀ ਤੇ ਭੁੱਖਮਰੀ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਤੇ ਮੋਦੀ ਦੇ ਰਾਜ ਵਿੱਚ ਵੱਧ ਰਹੀ ਮਹਿੰਗਾਈ ਨੇ ਗਰੀਬ ਤੋਂ ਗੰਡੇ ਦੀ ਚੱਟਣੀ ਵੀ ਦੂਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਮਾਨ ਨੇ ਵੋਟਾਂ ਲਈ ਇੱਕ ਹਜ਼ਾਰ ਦੇ ਨਾਂ ਤੇ ਔਰਤਾਂ ਨਾਲ ਸੱਭ ਤੋਂ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਇੱਕ ਪਾਸੇ ਰਾਖਵਾਂਕਰਨ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਮੋਦੀ ਰਿਜ਼ਰਵੇਸ਼ਨ ਦੇ ਨਾਂ ਤੇ ਐਸ ਸੀ ਸਮਾਜ ਵਿਚ ਜਾਤੀ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਕਾਰਨ ਦੇਸ਼ ਅੰਦਰ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ ਅਤੇ ਕਰਜ਼ਿਆਂ ਵਿਚ ਮਜ਼ਦੂਰਾਂ, ਕਿਸਾਨਾਂ ਦੀਆਂ ਆਤਮਾ ਹੱਤਿਆਵਾਂ ਚ ਹੋ ਰਹੇ ਵਾਧਾ ਚਿੰਤਾਜਨਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਸਮਾਜ ਪਾਰਟੀ ਹੀ ਦਲਿਤਾਂ ਦੀ ਅਸਲ ਤਰਜ਼ਮਾਨੀ ਕਰੇਗੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ ਜ਼ਿਲ੍ਹਾ ਸਕੱਤਰ ਸਿੰਗਰਾਂ ਸਿੰਘਚੋਹਨਕੇ ਨੇ ਕਿਹਾ ਕਿ ਲੋਕ ਸ਼ਹੀਦ ਭਗਤ ਸਿੰਘ ਤੇ ਬਾਬਾ ਸਹਿਬ ਡਾ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨਾਲ ਜੁੜਨ ਕਿਉਂਕਿ ਸ਼ਹੀਦਾ ਦਾ ਸੁਪਨਾ ਹੈ ਕਿ ਜਾਤਪਾਤੀ ਵਿਤਕਰਾ ਦਾ ਖਾਤਮਾ ਹੋਵੇ ‘ਤੇ ਹਰ ਇਕ ਨੂੰ ਆਜ਼ਾਦੀ ਤੇ ਸਨਮਾਨ ਮਿਲੇ। ਉਨ੍ਹਾਂ ਕਿਹਾ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਾਮਬੰਦੀ ਮੁਹਿੰਮ ਤਹਿਤ ਤਿਖਾ ਸੰਘਰਸ਼ ਚਲਾਇਆ ਜਾਵੇਗਾ। ਇਸ ਮੌਕੇ ਪ੍ਰਿਤਪਾਲ ਸਿੰਘ ਰਾਮਪੁਰਾ, ਗੁਰਜੰਟ ਸਿੰਘ ਢਿੱਲਵਾਂ, ਜਗਰਾਜ ਸਿੰਘ ਤਾਜੋਕੇ, ਗੁਰਦੇਵ ਕੌਰ ਧੂਰਕੋਟ, ਸਰਬਜੀਤ ਕੌਰ ਹੰਢਾਇਆ, ਜੱਸੀ ਸੁੱਖਪਰਾ, ਨਾਨਕ ਸਿੰਘ ਤਪਾ, ਗੋਰਖਾ ਸਿੰਘ,ਰਾਜ ਸਿੰਘ ਨੇ ਵੀ ਸੰਬੋਧਨ ਕੀਤਾ।