ਕਾਦੀਆਂ /28 September
ਪੰਜਾਬ ਸਰਕਾਰ ਸਿਹਤ ਵਿਭਾਗ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਸਖਤ ਹਦਾਇਤਾਂ ਤੇ ਚੱਲਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ ਭਾਰਤ ਭੂਸ਼ਣ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਕਾਦੀਆਂ ਡਾ ਰਾਜ ਮਸੀਹ ਦੀ ਅਗਵਾਈ ਦੇ ਵਿੱਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਅਤੇ ਉਨਾਂ ਦੀ ਟੀਮ ਦੇ ਵੱਲੋਂ ਅੱਜ ਕਾਦੀਆਂ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਡੇਂਗੂ ਤੇ ਮਲੇਰੀਏ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਮਲੇਰੀਆ ਠੰਡ (ਕਾਂਬਾ) ਅਤੇ ਸਿਰ ਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਹੋਣ ਵਾਲਾ ਇੱਕ ਰੋਗ ਹੈ। ਰੋਗੀ ਨੂੰ ਬੁਖ਼ਾਰ ਹੋਣ ਤੋਂ ਬਾਅਦ ਕਦੇ ਬੁਖ਼ਾਰ ਉਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ।ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਜ਼ਿਆਦਾਤਰ ਰਾਤ ਸਮੇਂ ਕੱਟਦਾ ਹੈ।ਇਸ ਦੇ ਆਮ ਲੱਛਣ ਬੁਖ਼ਾਰ, ਸਿਰ ਦਰਦ,ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ ਦਿਖਾਈ ਦਿੰਦੇ ਨੇ ਨਤੀਜੇ ਵਜੋਂ ਥਕਾਵਟ, ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਡੇਂਗੂ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਏਡੀਜ਼ ਨਾਂ ਦੇ ਮੱਛਰ ਦੇ ਲੜਨ ਨਾਲ ਹੁੰਦਾ ਹੈ, ਜੋ ਕਿ ਸਿਰਫ ਦਿਨ ਸਮੇਂ ਹੀ ਲੜਦਾ ਹੈ।ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ 'ਤੇ ਦਾਣੇ ਹੋ ਜਾਣਾ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ ਅਤੇ ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵਗਣਾ ਡੇਂਗੂ ਦੇ ਲੱਛਣ ਹਨ। ਜੇਕਰ ਕਿਸੇ ਵਿਅਕਤੀ ਵਿੱਚ ਅਜਿਹੇ ਲੱਛਣ ਪਾਏ ਜਾਣ ਤਾਂ ਉਸ ਨੂੰ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ,ਡੇਂਗੂ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਗਮਲਿਆਂ ਅਤੇ ਫਰਿੱਜਾਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਬਦਲ ਕੇ ਇਨ੍ਹਾਂ ਨੂੰ ਸੁਕਾਉਣਾ ਚਾਹੀਦਾ ਹੈ ਅਤੇ ਡੇਂਗੂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਇੰਸਪੈਕਟਰ ਕੁਲਬੀਰ ਸਿੰਘ ਦੇ ਨਾਲ ਲਖਬੀਰ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ ,ਪੰਮਾ , ਗੁਰਵਿੰਦਰ ਸਿੰਘ ਆਦਿ ਸਮੂਹ ਸਿਹਤ ਕਰਮਚਾਰੀ ਹਾਜਰ ਸਨ।