ਸ੍ਰੀ ਫ਼ਤਹਿਗੜ੍ਹ ਸਾਹਿਬ/28 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਵੱਲੋਂ 3 ਅਕਤੂਬਰ ਤੋਂ 6 ਅਕਤੂਬਰ ਤੱਕ ਵਿਸ਼ਾਲ ਭਗਤੀ ਸਤਿਸੰਗ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪਰਮ ਪੂਜਨੀਕ ਗੁਰੂਦੇਵ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੋਕਤ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਦੇ ਅਹੁਦੇਦਾਰਾਂ ਅਸ਼ਵਨੀ ਗਰਗ ਅਤੇ ਡਾ: ਹਿਤੇਂਦਰ ਸੂਰੀ ਨੇ ਦੱਸਿਆ ਕਿ ਇਹ ਸਤਿਸੰਗ ਸਰਹਿੰਦ ਦੇ ਰਾਣਾ ਹੈਰੀਟੇਜ ਵਿਖੇ ਹੋਵੇਗਾ। ਜਿਸ ਵਿੱਚ ਪਹਿਲਾਂ ਸਤਸੰਗ 3 ਅਕਤੂਬਰ ਨੂੰ ਸ਼ਾਮ 4-30 ਵਜੇ ਤੋਂ 7 ਵਜੇ ਤੱਕ ਹੋਵੇਗਾ। ਜਿਸ ਤੋਂ ਬਾਅਦ 4 ਤੋਂ 6 ਅਕਤੂਬਰ ਨੂੰ ਸਵੇਰੇ 8-30 ਤੋਂ 11 ਵਜੇ ਤੱਕ ਅਤੇ ਸ਼ਾਮ 4-30 ਤੋਂ 7 ਵਜੇ ਤੱਕ ਸਤਸੰਗ ਕੀਤਾ ਜਾਵੇਗਾ। ਇਸ ਤੋਂ ਇਲਾਵਾ 6 ਅਕਤੂਬਰ ਨੂੰ ਸਵੇਰੇ 12.00 ਵਜੇ ਮੰਤਰ ਦੀਕਸ਼ਾ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੇ ਤਣਾਅ ਭਰੇ ਜੀਵਨ ਦੌਰਾਨ ਲੋਕਾਂ ਨੂੰ ਰਾਹਤ, ਖੁਸ਼ਹਾਲੀ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਲਈ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ 4 ਅਤੇ 5 ਅਕਤੂਬਰ ਨੂੰ ਸਵੇਰ ਦੀ ਸਭਾ ਵਿਚ ਵਰਦਾਨ ਸਿੱਧੀ ਸਾਧਨਾ (ਧਿਆਨ) ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਮਿਥੇ ਪ੍ਰੋਗਰਾਮ ਅਨੁਸਾਰ 29 ਸਤੰਬਰ ਨੂੰ ਸਵੇਰੇ ਭੂਮੀ ਪੂਜਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮਿਸ਼ਨ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਸੰਭਾਵੀ ਕਮੀ ਨੂੰ ਦੂਰ ਕੀਤਾ ਜਾ ਸਕੇ। ਡਾ. ਹਿਤੇੰਦਰ ਸੂਰੀ ਨੇ ਦੱਸਿਆ ਕਿ ਇਸ ਵਿਸ਼ਾਲ ਭਗਤੀ ਸਤਿਸੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਰਾਜਪੁਰਾ, ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਜਲੰਧਰ, ਮੰਡੀ ਗੋਬਿੰਦਗੜ੍ਹ ਦੀਆਂ ਸੰਸਥਾਵਾਂ ਸਮੇਤ ਮਿਸ਼ਨ ਦੀਆਂ ਕਈ ਸ਼ਾਖਾਵਾਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।