ਸ੍ਰੀ ਅਨੰਦਪੁਰ ਸਾਹਿਬ-28ਸਤੰਬਰ (ਤਰਲੋਚਨ ਸਿੰਘ)
ਖਾਲਸਾ ਪੰਥ ਦੇ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਇੱਥੇ ਬੀੜੀਆਂ, ਸਿਗਰਟਾਂ, ਤੰਬਾਕੂ ਵੇਚਣ ਅਤੇ ਪੀਣ ਉੱਪਰ ਸਖਤੀ ਨਾਲ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਜਥੇਦਾਰ ਸੁਲਤਾਨ ਸਿੰਘ ਜੀ ਨੇ ਸ਼ਹਿਰ ਅੰਦਰ ਵੱਡੀ ਗਿਣਤੀ ਦੁਕਾਨਾਂ ਅੰਦਰ ਵਿਕ ਰਹੇ ਇਹਨਾਂ ਨਸ਼ਿਆਂ ਉੱਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਮੁੱਲ ਲੈ ਕੇ ਵਸਾਈ ਇਸ ਇਤਿਹਾਸਿਕ ਨਗਰੀ ਦੀ ਪਵਿੱਤਰਤਾ ਨੂੰ ਇੱਕ ਗਹਿਰੀ ਸਾਜਿਸ਼ ਤਹਿਤ ਦਾਗਦਾਰ ਕੀਤਾ ਜਾ ਰਿਹਾ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਸ ਇਤਿਹਾਸਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਪ੍ਰੰਤੂ ਫਿਰ ਵੀ ਇਹਨਾਂ ਮਾਰੂ ਨਸ਼ਿਆਂ ਦਾ ਇੱਥੇ ਵਿਕਣਾ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਪਰ ਇੱਕ ਸਵਾਲੀਆ ਚਿੰਨ ਹੈ। ਉਹਨਾਂ ਕਿਹਾ ਕਿ ਅੱਜ ਉਹਨਾਂ ਦੇ ਧਿਆਨ ਵਿੱਚ ਇੱਕ ਮਸਲਾ ਆਇਆ ਹੈ ਜਿਸ ਵਿੱਚ ਇੱਕ ਪੱਤਰਕਾਰ ਵੱਲੋਂ ਜਦੋਂ ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਜਦੋਂ ਇਹਨਾਂ ਨਸ਼ਿਆਂ ਦੀ ਰੋਕ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਅੱਗੋਂ ਐਸਐਮਓ ਨੇ ਪੱਤਰਕਾਰ ਨੂੰ ਹੀ ਪੁੱਛ ਲਿਆ ਕਿ ਜੇਕਰ ਕੋਈ ਬੀੜੀ ਸਿਗਰਟ ਪੀਂਦਾ ਹੈ ਤਾਂ ਤੁਹਾਨੂੰ ਕੀ ਤਕਲੀਫ ਹੈ। ਸਿੰਘ ਸਾਹਿਬ ਜੀ ਨੇ ਐਸਐਮਓ ਵੱਲੋਂ ਮੀਡੀਆ ਕਰਮਚਾਰੀ ਨਾਲ ਕੀਤੇ ਗਏ ਇਸ ਵਿਵਹਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਨੂੰ ਜਿੰਮੇਵਾਰੀ ਨਾਲ ਨਿਭਾਉਣ ।