ਸ੍ਰੀ ਫ਼ਤਹਿਗੜ੍ਹ ਸਾਹਿਬ/ 30 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪਰਾਲੀ ਦੀ ਸਾਂਭ ਸੰਭਾਲ ਵਿੱਚ ਸਨਅਤੀ ਇਕਾਈਆਂ ਦਾ ਵੱਡਾ ਰੋਲ ਹੈ, ਜਿਸ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚਲੀਆਂ ਪਰਾਲੀ ਅਧਾਰਤ ਸਨਅਤੀ ਇਕਾਈਆਂ ਵੱਲੋਂ ਜ਼ਿਲ੍ਹੇ ਦੇ ਖੇਤਾਂ ਵਿੱਚੋਂ ਕਰੀਬ 03 ਲੱਖ ਮੀਟ੍ਰਿਕ ਟਨ ਪਰਾਲੀ ਚੁੱਕੀ ਜਾਵੇਗੀ, ਜਿਹੜੀ ਕਿ ਸਨਅਤੀ ਇਕਾਈਆਂ ਵੱਲੋਂ ਆਪਣੇ ਪਲਾਂਟਾਂ ਵਿੱਚ ਵਰਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਆਪਣੇ ਦਫਤਰ ਵਿਖੇ ਵੱਖੋ-ਵੱਖ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮੀਟਿੰਗ ਕਰਨ ਉਪਰੰਤ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਮੁੱਖ ਤੌਰ 'ਤੇ 6 ਸਨਅਤੀ ਯੂਨਿਟ ਹਨ, ਜਿਹੜੇ ਕਿ ਪਰਾਲੀ ਦੀ ਵਰਤੋਂ ਕਰਦੇ ਹਨ। ਇਹਨਾਂ ਯੂਨਿਟਾਂ ਵੱਲੋਂ ਪਿਛਲੇ ਸਾਲ ਇਕੱਤਰ ਕੀਤੀ ਗਈ ਪਰਾਲੀ ਦੇ ਮੁਕਾਬਲੇ ਇਸ ਸਾਲ ਵੱਧ ਪਰਾਲੀ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਵਿੱਚ ਵੱਡੀ ਮਦਦ ਮਿਲੇਗੀ ਅਤੇ ਜ਼ਿਲ੍ਹੇ ਵਿੱਚ ਜ਼ੀਰੋ ਬਰਨਿੰਗ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਣੇਸ਼ ਐਡੀਵਲਜ਼ ਪ੍ਰਾਈਵੇਟ ਲਿਮਟਡ, ਪਿੰਡ ਸ਼ਾਹਪੁਰ, ਅਮਲੋਹ ਵੱਲੋਂ ਕਰੀਬ 1.5 ਲੱਖ ਮੀਟ੍ਰਿਕ ਟਨ ਪਰਾਲੀ ਇਕੱਠੀ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸੇ ਤਰ੍ਹਾਂ ਸ਼੍ਰੀ ਰਾਮ ਪੈਨਲਜ਼ ਪ੍ਰਾਈਵੇਟ ਲਿਮਟਡ ਅਮਲੋਹ ਵੱਲੋਂ 30 ਹਜ਼ਾਰ ਮੀਟ੍ਰਿਕ ਟਨ, ਸੰਜੀਵ ਆਇਲਜ਼ ਐਂਡ ਫੈਟਸ ਅਮਲੋਹ ਵੱਲੋਂ 12 ਹਜ਼ਾਰ ਮੀਟ੍ਰਿਕ ਟਨ, ਟਿਵਾਣਾ ਆਇਲ ਮਿਲਜ਼ ਪ੍ਰਾਈਵੇਟ ਲਿਮਟਡ ਸਰਹਿੰਦ ਵੱਲੋਂ 11 ਹਜ਼ਾਰ ਮੀਟ੍ਰਿਕ ਟਨ, ਐਸ.ਏ.ਈ.ਐਲ. ਲਿਮਟਡ, ਪਿੰਡ ਦਯਾਗੜ੍ਹ ਵੱਲੋਂ 20 ਹਜ਼ਾਰ ਮੀਟ੍ਰਿਕ ਟਨ, ਸਿਟੀਜ਼ ਇਨੋਵੇਟਿਵ ਬਾਇਓ ਫਿਊਲਜ਼ ਪ੍ਰਾਈਵੇਟ ਲਿਮਟਡ, ਸਰਹਿੰਦ ਵੱਲੋਂ 30 ਹਜ਼ਾਰ ਮੀਟ੍ਰਿਕ ਟਨ ਪਰਾਲੀ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਮੀਟਿੰਗ ਦੌਰਾਨ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਵੱਲੋਂ ਇਕੱਤਰ ਕੀਤੀ ਪਰਾਲੀ ਰੱਖਣ ਲਈ ਥਾਂ, ਸੜਕਾਂ, ਪਰਾਲੀ ਨੂੰ ਢੱਕਣ ਲਈ ਤਰਪਾਲਾਂ ਅਤੇ ਬਿਜਲੀ ਸਬੰਧੀ ਦਿੱਕਤਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ, ਜਿਨ੍ਹਾਂ ਦੇ ਹੱਲ ਦਾ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਤੇ ਸਬੰਧਤ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਕਾਰਨ ਹੋ ਰਹੇ ਮਨੁੱਖੀ ਸਿਹਤ ਦੇ ਨੁਕਸਾਨ ਦੇ ਮੱਦੇਨਜ਼ਰ ਸਭ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਸਬੰਧੀ ਜ਼ੀਰੋ ਬਰਨਿੰਗ ਦਾ ਟੀਚਾ ਮਿੱਥਿਆ ਗਿਆ, ਜਿਸ ਨੂੰ ਹਰ ਹਾਲ ਸਰ ਕੀਤਾ ਜਾਵੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।