ਸ੍ਰੀ ਫ਼ਤਹਿਗੜ੍ਹ ਸਾਹਿਬ/ 1 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸੂਬੇ ਵਿੱਚ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸਰਬਸੰਮਤੀ ਦੇ ਨਾਮ 'ਤੇ ਲੱਖਾਂ-ਕਰੋੜਾਂ ਰੁਪਏ ਦੀ ਬੋਲੀ ਲਗਾ ਕੇ ਕੁਝ ਧਨਾਢ ਲੋਕਾਂ ਵੱਲੋਂ ਸਰਪੰਚੀ ਅਤੇ ਪੰਚਾਇਤ ਮੈਂਬਰੀ ਦੇ ਅਹੁਦੇ ਹਾਸਲ ਕਰਨ ਦੀ ਮੰਦਭਾਗੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਹਨ ਜੋ ਕਿ ਸਰਾਸਰ ਲੋਕਤੰਤਰ ਦਾ ਘਾਣ ਅਤੇ ਆਮ ਲੋਕਾਂ ਨੂੰ ਮਿਲੇ ਬੁਨਿਆਦੀ ਹੱਕਾਂ ਦੀ ਘੋਰ ਉਲੰਘਣਾ ਹੈ।ਅਜਿਹੇ ਅਮਲਾਂ 'ਤੇ ਤੁਰੰਤ ਗੰਭੀਰ ਨੋਟਿਸ ਲੈਂਦੇ ਹੋਏ ਜੇਕਰ ਸਮਾਂ ਰਹਿੰਦੇ ਰੋਕ ਨਾ ਲਗਾਈ ਗਈ ਤਾਂ ਸਥਿਤੀ ਇਹ ਬਣ ਜਾਵੇਗੀ ਕਿ ਸਰਪੰਚੀ,ਪੰਚੀ ਅਤੇ ਅਜਿਹੇ ਹੋਰ ਅਹੁਦਿਆਂ 'ਤੇ ਸਿਰਫ ਅਮੀਰ ਲੋਕ ਹੀ ਕਾਬਜ਼ ਹੋ ਜਾਣਗੇ ਤੇ ਜਿਹੜੇ ਆਮ ਕਿਰਤੀ ਲੋਕ ਆਪਣੇ ਪਿੰਡਾਂ ਦੀ ਭਲਾਈ ਲਈ ਅੱਗੇ ਹੋ ਕੇ ਕੰਮ ਕਰਨ ਦੇ ਚਾਹਵਾਨ ਹਨ ਉਹ ਪਿੰਡ ਵਾਸੀਆਂ ਦੀ ਨੁਮਾਇੰਦਗੀ ਕਰਨ ਦੇ ਹੱਕ ਤੋਂ ਹੀ ਵਾਂਝੇ ਹੋ ਜਾਣਗੇ ਜਿਸ ਦੇ ਨਤੀਜੇ ਬਹੁਤ ਖਤਰਨਾਕ ਨਿੱਕਲਣ ਦੀ ਸੰਭਾਵਨਾ ਹੈ।ਉਪਰੋਕਤ ਖਦਸ਼ੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਇਸ ਸਬੰਧੀ ਰਾਜ ਚੋਣ ਕਮਿਸ਼ਨਰ ਨੂੰ ਲਿਖੇ ਗਏ ਪੱਤਰ ਦੀ ਕਾਪੀ ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਪ੍ਰਗਟ ਕੀਤੇ।ਐਡਵੋਕੇਟ ਧਾਰਨੀ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ 'ਚ ਪੈਂਦੇ ਪਿੰਡ ਹਰਦੋਵਾਲ ਦੀ ਸਰਪੰਚੀ ਇੱਕ ਵਿਅਕਤੀ ਵੱਲੋਂ ਦੋ ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦੇ ਜਾਣ ਦਾ ਮਾਮਲਾ ਮੀਡੀਆ ਰਿਪੋਰਟਾਂ 'ਚ ਸਾਹਮਣੇ ਆਇਆ ਹੈ।ਜੇਕਰ ਅਜਿਹੇ ਵਰਤਾਰਿਆਂ ਨੂੰ ਹੁਣੇ ਸਖਤੀ ਨਾਲ ਨਾ ਰੋਕਿਆ ਗਿਆ ਤਾਂ ਨਰਿੰਦਰ ਮੋਦੀ ਜਿਹੇ ਚਾਹ ਵੇਚਣ ਵਾਲੇ ਆਮ ਵਿਅਕਤੀ ਨਹੀ ਸਗੋਂ ਅੰਬਾਨੀਆਂ,ਅਡਾਨੀਆਂ ਅਤੇ ਬਿਰਲਿਆਂ ਜਿਹੇ ਧਨਾਢ ਵਿਅਕਤੀ ਹੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵਰਗੇ ਅਹੁਦੇ ਹਾਸਲ ਕਰਨਗੇ।