ਸ੍ਰੀ ਫ਼ਤਹਿਗੜ੍ਹ ਸਾਹਿਬ/9 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਜ਼ੂਆਲੋਜੀ ਵਿਭਾਗ ਨੇ ਪਸ਼ੂਆਂ ਦੀ ਭਲਾਈ ਲਈ ਜਾਗਰੂਕਤਾ ਪੈਦਾ ਕਰਨ ਅਤੇ ਦੇਖ ਰੇਖਾ ਲਈ ਉਤਸ਼ਾਹਿਤ ਕਰਨ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ। ਇਸ ਮੌਕੇ ਵਿਭਾਗ ਵਲੋਂ ਪਾਵਰਪੁਆਇੰਟ ਪੇਸ਼ਕਾਰੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਵਿਸ਼ਾ "ਸੰਸਾਰ ਪਸ਼ੂਆਂ ਦਾ ਵੀ ਘਰ ਹੈ" ਸੀ। ਇਸ ਮੁਕਾਬਲੇ ਦੁਆਰਾ ਜੀਵਾਂ ਲਈ ਹਮਦਰਦੀ, ਸੁਰੱਖਿਆ ਅਤੇ ਸਤਿਕਾਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ। ਪਾਵਰਪੁਆਇੰਟ ਪੇਸ਼ਕਾਰੀ ਮੁਕਾਬਲਾ ਵਿੱਚ ਐਮ.ਐਸ.ਸੀ. ਜ਼ੂਲੋਜੀ ਅਤੇ ਬੀ.ਐਸ.ਸੀ. ਮੈਡੀਕਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਭਾਗ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਵਿੱਚ ਸਹਿਯੋਗ ਅਤੇ ਸੰਵਾਦ ਨੂੰ ਪ੍ਰਫੁੱਲਿਤ ਕੀਤਾ ਗਿਆ ਅਤੇ ਜਾਨਵਰਾਂ ਦੀ ਭਲਾਈ ਦੀਆਂ ਪਹਿਲਕਦਮੀਆਂ ਵਿੱਚ ਭਾਈਚਾਰੇ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਡਾ: ਚਰਨ ਕਮਲ ਸੇਖੋਂ ਨੇ ਕੀਤੀ।