ਸ੍ਰੀ ਫ਼ਤਹਿਗੜ੍ਹ ਸਾਹਿਬ/19 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਖੇਡ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ "ਖੇਡਾਂ ਵਤਨ ਪੰਜਾਬ ਦੀਆਂ-2024, ਸੀਜ਼ਨ-3" ਅਧੀਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 24 ਅਕਤੂਬਰ ਤੱਕ ਕਰਵਾਈਆਂ ਜਾਣ ਵਾਲੀਆਂ ਰਾਜ ਪੱਧਰੀ ਖੇਡਾਂ ਫੈਂਸਿੰਗ ਅਤੇ ਸਾਫਟਬਾਲ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਧੂਮ-ਧੜੱਕੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਹੋਈ। ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫਸਰ, ਗੁਰਦੀਪ ਕੌਰ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਤਕਰੀਬਨ 04 ਹਜ਼ਾਰ ਖਿਡਾਰੀ ਭਾਗ ਲੈਣਗੇ, ਜਿਨਾਂ ਦੀ ਚੋਣ ਜ਼ਿਲ੍ਹਾ ਪੱਧਰੀ ਖੇਡਾਂ ਅਤੇ ਸਿਲੈਕਸ਼ਨ ਟਰਾਇਲਾਂ ਦੇ ਆਧਾਰ 'ਤੇ ਹੋਈ ਹੈ। ਉਹਨਾਂ ਦੱਸਿਆ ਕਿ ਫੈਂਸਿੰਗ ਦੇ ਖੇਡ ਮੁਕਾਬਲੇ ਇੰਨਡੋਰ ਜ਼ਿਮਨੇਜ਼ੀਅਮ ਹਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਸਾਫਟਬਾਲ ਦੇ ਖੇਡ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਨੋਡਲ ਅਫ਼ਸਰ "ਖੇਡਾਂ ਵਤਨ ਪੰਜਾਬ ਦੀਆਂ" ਤੇ ਸੀਨੀਅਰ ਬਾਸਕਟਬਾਲ ਕੋਚ ਰਾਹੁਲਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17,ਅੰਡਰ-21, 21 ਸਾਲ ਤੋਂ 30 ਸਾਲ ਅਤੇ 31 ਤੋਂ 40 ਸਾਲ ਤੱਕ ਉਮਰ ਵਰਗ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਪਹਿਲੇ ਦਿਨ ਦੇ ਮੁਕਾਬਲਿਆਂ ਤਹਿਤ ਸਾਫਟਬਾਲ ਅੰਡਰ-14 ਵਿੱਚ ਅੰਮ੍ਰਿਤਸਰ ਦੀ ਟੀਮ ਨੇ ਸੰਗਰੂਰ ਨੂੰ 11-1 ਨਾਲ ਹਰਾਇਆ ਅਤੇ ਮੁਕਤਸਰ ਦੀ ਟੀਮ ਨੇ ਬਠਿੰਡਾ ਨੂੰ 4-0 ਨਾਲ ਮਾਤ ਦਿੱਤੀ। ਸਾਫਟਬਾਲ ਅੰਡਰ-14 ਵਿੱਚ ਜਲੰਧਰ ਨੇ ਮਾਨਸਾ ਨੂੰ 18-07 ਦੇ ਫਰਕ ਨਾਲ ਹਰਾਇਆ। ਸਾਫਟਬਾਲ ਅੰਡਰ-17 ਵਿੱਚ ਫਾਜ਼ਿਲਕਾ ਨੇ ਮੋਗਾ ਨੂੰ 15-01 ਨਾਲ ਅਤੇ ਪਟਿਆਲਾ ਦੀ ਟੀਮ ਨੇ ਮੁਕਤਸਰ ਦੀ ਟੀਮ ਨੂੰ 04-03 ਨਾਲ ਮਾਤ ਦਿੱਤੀ। ਫੈਂਸਿੰਗ ਵਿੱਚ ਪੂਲ ਮੁਕਾਬਲਿਆਂ ਤਹਿਤ ਮਾਨਸਾ ਦੇ ਅੰਮ੍ਰਿਤਪ੍ਰੀਤ ਸਿੰਘ, ਫਿਰੋਜ਼ਪੁਰ ਦੇ ਪੁਸ਼ਪਨਾਥ, ਮਾਨਸਾ ਦੇ ਸੁਖਮਨਦੀਪ ਸਿੰਘ, ਫਿਰੋਜ਼ਪੁਰ ਦੇ ਯੁਵਰਾਜ ਸ਼ਰਮਾ, ਪਟਿਆਲਾ ਦੇ ਪ੍ਰਭਕੀਰਤ ਸਿੰਘ ਅਤੇ ਮਾਨਸਾ ਦੇ ਨਿਸ਼ਨਵੀਰ ਸਿੰਘ ਨੇ ਜਿੱਤਾਂ ਦਰਜ ਕੀਤੀਆਂ। ਉਹਨਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਤੇ ਕੋਚਾਂ ਦੀ ਰਿਹਾਇਸ਼ ਅਤੇ ਖਾਣ-ਪੀਣ ਦੇ ਪ੍ਰਬੰਧਾਂ ਸਬੰਧੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਹੋਰਨਾਂ ਜ਼ਿਲ੍ਹਿਆਂ ਦੀਆਂ ਇੱਥੇ ਪੁੱਜੀਆਂ ਟੀਮਾਂ ਤੇ ਕੋਚਾਂ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕੀਤੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇੰਦਰਵੀਰ ਸਿੰਘ, ਸਾਫਟਬਾਲ ਕੋਚ, ਸ੍ਰੀ ਅੰਮ੍ਰਿਤਸਰ, ਨੇ ਕਿਹਾ ਕਿ ਇਥੇ ਖਿਡਾਰੀਆਂ ਤੇ ਕੋਚਾਂ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਇਸ ਮੌਕੇ ਫੈਂਸਿੰਗ ਕੋਚ ਕਰਮਜੀਤ ਕੌਰ, ਲਖਵੀਰ ਕੌਰ, ਕੁਲਜੀਤ ਕੌਰ, ਅਮਨਦੀਪ ਕੌਰ, ਤੇ ਗੁਰਪ੍ਰੀਤ ਸਿੰਘ, ਅਥਲੈਟਿਕਸ ਕੋਚ ਲਖਵੀਰ ਸਿੰਘ, ਹੈਂਡਬਾਲ ਕੋਚ ਕੁਲਵਿੰਦਰ ਸਿੰਘ, ਹਾਕੀ ਕੋਚ ਮਨੀਸ਼ ਕੁਮਾਰ, ਫੁਟਬਾਲ ਕੋਚ ਸੁਖਦੀਪ ਸਿੰਘ, ਜਿਮਨਾਸਟਿਕ ਕੋਚ ਮਨੋਜ ਕੁਮਾਰ, ਕੁਸ਼ਤੀ ਕੋਚ ਮਨਜੀਤ ਸਿੰਘ, ਵਾਲੀਬਾਲ ਕੋਚ ਯਾਦਵਿੰਦਰ ਸਿੰਘ, ਅਥਲੈਟਿਕਸ ਕੋਚ ਭੁਪਿੰਦਰ ਕੌਰ, ਖੋਹ-ਖੋਹ ਕੋਚ ਵੀਰਾਂ ਦੇਵੀ, ਅਥਲੈਟਿਕ ਕੋਚ ਸੁਮਨ ਰਾਣੀ, ਮਨਦੀਪ ਸਿੰਘ ਰੋਹਿਤ, ਇੰਦਰਵੀਰ ਸਿੰਘ, ਨਿਰਮਲਜੀਤ ਕੌਰ, ਸੰਜੀਵ ਸ਼ਰਮਾ ਮੋਗਾ,ਵਿਕਰਮ ਮਲਹੋਤਰਾ ਜਲੰਧਰ, ਹਰਜੀਤ ਸਿੰਘ ਲੁਧਿਆਣਾ,ਰਣਜੀਤ ਸਿੰਘ ਲੁਧਿਆਣਾ, ਦਵਿੰਦਰ ਸਿੰਘ ਅੰਮ੍ਰਿਤਸਰ,ਜੋਰਿੰਦਰ ਸਿੰਘ ਅੰਮ੍ਰਿਤਸਰ,ਮਨੀਸ਼ਾ ਕੁਮਾਰੀ ਲੁਧਿਆਣਾ, ਜਸਪ੍ਰੀਤ ਸਿੰਘ ਮਾਨਸਾ, ਸਤਵੀਰ ਸਿੰਘ, ਹਰਿੰਦਰ ਕੁਮਾਰ, ਮਨਿੰਦਰ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ।