ਸ੍ਰੀ ਫ਼ਤਹਿਗੜ੍ਹ ਸਾਹਿਬ/19 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਫ਼ਤਹਿਗੜ੍ਹ ਸਾਹਿਬ ਦੀ ਮਾਤਾ ਗੁਜ਼ਰੀ ਕਲੋਨੀ ਵਿਖੇ ਭੇਤਭਰੇ ਹਾਲਾਤਾਂ 'ਚ ਹੋਈ ਇੱਕ 25 ਸਾਲਾ ਵਿਆਹੁਤਾ ਲੜਕੀ ਦੀ ਮੌਤ ਦੇ ਮਾਮਲੇ 'ਚ ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ ਅਤੇ ਸੱਸ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਵਾਸੀ ਪਿੰਡ ਔਜਾ(ਪਟਿਆਲਾ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਛੇ ਸਾਲ ਪਹਿਲਾਂ ਉਸਦੀ ਧੀ ਗੁਰਵਿੰਦਰ ਕੌਰ(25) ਦਾ ਵਿਆਹ ਗੁਰਜੋਤ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ ਨਾਲ ਹੋਇਆ ਸੀ ਜਿਸ ਵਿੱਚ ਉਨਾਂ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਦਾਜ ਦਹੇਜ ਵੀ ਦਿੱਤਾ ਗਿਆ ਸੀ ਤੇ ਉਕਤ ਵਿਆਹ ਤੋਂ ਇੱਕ 5 ਸਾਲ ਦਾ ਲੜਕਾ ਵੀ ਹੈ।ਜਸਬੀਰ ਸਿੰਘ ਨੇ ਦੋਸ਼ ਲਗਾਏ ਕਿ ਉਸਦੀ ਧੀ ਗੁਰਵਿੰਦਰ ਕੌਰ ਦਾ ਪਤੀ ਗੁਰਜੋਤ ਸਿੰਘ ਜੋ ਕਿ ਕੋਕਾ ਕੋਲਾ ਫੈਕਟਰੀ 'ਚ ਸਕਿਓਰਟੀ ਗਾਰਡ ਵਜੋਂ ਕੰਮ ਕਰਦਾ ਹੈ ਵੱਲੋਂ ਅਤੇ ਸੱਸ ਰਾਜਦੀਪ ਕੌਰ ਵੱਲੋਂ ਉਸਦੀ ਧੀ ਨੂੰ ਹੋਰ ਦਾਜ ਦਹੇਜ ਲੈ ਕੇ ਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।ਜਿਸ ਸਬੰਧੀ ਉਸਦੀ ਲੜਕੀ ਗੁਰਵਿੰਦਰ ਕੌਰ ਨੇ ਉਨਾਂ ਨੂੰ ਦੱਸਿਆ ਸੀ ਕਿ ਉਸਦਾ ਪਤੀ ਅਤੇ ਸੱਸ ਉਸਨੂੰ ਜਬਰੀ ਬਿਊਟੀ ਪਾਰਲਰ 'ਤੇ ਕੰਮ ਕਰਨ ਲਈ ਭੇਜਦੇ ਹਨ ਤੇ ਉਸਦੀ ਕੁੱਟਮਾਰ ਕਰਦੇ ਹਨ,ਜਿਹਨਾਂ ਤੋਂ ਤੰਗ ਆ ਕੇ ਉਸਦੀ ਧੀ ਗੁਰਵਿੰਦਰ ਕੌਰ ਨੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ।ਜਸਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਦੀ ਮੌਤ ਹੋ ਜਾਣ ਕਰਕੇ ਉਹ ਬੜੇ ਸਦਮੇ ਵਿੱਚ ਸਨ ਜਿਸ ਕਰਕੇ ਉਹ ਮੌਕੇ ਸਿਰ ਪੁਲਿਸ ਨੂੰ ਮੌਤ ਦੀ ਸੂਚਨਾ ਨਹੀਂ ਦੇ ਸਕੇ 'ਤੇ ਉਸਦੀ ਧੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ।ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਗੁਰਵਿੰਦਰ ਕੌਰ ਦੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਵੀ ਮੌਜ਼ੂਦ ਸਨ।ਜਸਬੀਰ ਸਿੰਘ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਗੁਰਜੋਤ ਸਿੰਘ ਅਤੇ ਸੱਸ ਰਾਜਦੀਪ ਕੌਰ ਵਿਰੁੱਧ ਅ/ਧ 80 ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।