ਸ੍ਰੀ ਫ਼ਤਹਿਗੜ੍ਹ ਸਾਹਿਬ/23 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਜਦੋਂ ਜਦੋਂ ਦੇਸ਼ ਦੇ ਉੱਤੇ ਬਿਪਤਾ ਪਈ ਹੈ, ਤਾਂ ਪੰਜਾਬ ਨੇ ਅੱਗੇ ਵਧ ਕੇ ਦੇਸ਼ ਨੂੰ ਬਿਪਤਾ ਦੇ ਵਿੱਚੋਂ ਕੱਢਣ ਦਾ ਯਤਨ ਕੀਤਾ ਹੈ। ਪ੍ਰੰਤੂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉਸ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਅਨਾਜ ਮੰਡੀ ਵਿਖੇ ਕਿਸਾਨਾਂ ਦਾ ਹਾਲ ਜਾਨਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਫਸਲਾਂ ਨੂੰ ਮੰਡੀਆਂ ਵਿੱਚੋਂ ਚੁਕਵਾਉਣਾ ਕੇਂਦਰ ਸਰਕਾਰ ਦਾ ਕੰਮ ਹੈ, ਪ੍ਰੰਤੂ ਕੇਂਦਰ ਵੱਲੋਂ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਦ ਕਿ ਪੰਜਾਬ ਸਰਕਾਰ ਬਾਰ-ਬਾਰ ਉਹਨਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾ ਚੁੱਕੀ ਹੈ। ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਜਾ ਕੇ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਵੀ ਕਰ ਕੇ ਆਏ ਹਨ ਪਰ ਇਸ ਦੇ ਬਾਵਜੂਦ ਕੇਂਦਰ ਵੱਲੋਂ ਪੰਜਾਬ ਵਿੱਚੋਂ ਫ਼ਸਲ ਨਹੀਂ ਚੁੱਕੀ ਜਾ ਰਹੀ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਗੱਲ ਤੋਂ ਭਲੀ ਭਾਂਤ ਜਾਣੂ ਸੀ ਕਿ ਝੋਨੇ ਦਾ ਸੀਜਨ ਆ ਰਿਹਾ ਹੈ, ਪ੍ਰੰਤੂ ਉਹਨਾਂ ਵੱਲੋਂ ਜਾਣਕਾਰੀ ਹੋਣ ਦੇ ਬਾਵਜੂਦ ਵੀ ਗੋਦਾਮ ਖਾਲੀ ਨਹੀਂ ਕਰਵਾਏ ਗਏ, ਜਿਸ ਕਾਰਨ ਲਿਫਟਿੰਗ ਦੀ ਸਮੱਸਿਆ ਸਾਹਮਣੇ ਆਈ ਹੈ।ਦੂਜੇ ਪਾਸੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਪੰਜਾਬ ਨਾਲ ਸਬੰਧਤ ਸਨ, ਉਹ ਪੰਜਾਬ ਸਰਕਾਰ ਨੇ ਬਹੁਤ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰ ਕੇ ਹੱਲ ਕਰ ਦਿੱਤੀਆਂ, ਪਰ ਜਦ ਗੱਲ ਕੇਂਦਰ ਦੀ ਆਉਂਦੀ ਹੈ ਤਾਂ ਕੇਂਦਰ ਵੱਲੋਂ ਪੰਜਾਬ ਦੀਆਂ ਮੁਸ਼ਕਲਾਂ ਹੱਲ ਨਹੀਂ ਕੀਤੀਆਂ ਜਾਂਦੀਆਂ। ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਐਸਪੀ ਸੁਖਨਾਜ਼ ਸਿੰਘ, ਪਵੇਲ ਕੁਮਾਰ ਹਾਂਡਾ, ਤਰਸੇਮ ਉੱਪਲ, ਰਜੇਸ਼ ਉੱਪਲ, ਚਰਨ ਸਿੰਘ ਬੀੜਮਾਨ, ਮਨਦੀਪ ਪੋਲਾ ਅਤੇ ਬਲਜੀਤ ਸਿੰਘ ਖਾਲਸਾ ਵੀ ਮੌਜ਼ੂਦ ਸਨ।