ਸ੍ਰੀ ਫਤਿਹਗੜ੍ਹ ਸਾਹਿਬ/24 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸਾਡਾ ਦੇਸ਼ ਪੋਲੀਓ ਮੁਕਤ ਹੈ,ਪੋਲੀਓ ਤੇ ਦੇਸ਼ ਦੀ ਜਿੱਤ ਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਸਪੈਸ਼ਲ ਪੋਲੀਓ ਰਾਉਂਡ ਕੀਤੇ ਜਾਂਦੇ ਹਨ ਜਿਨਾਂ ਵਿੱਚ ਸਾਨੂੰ ਆਪਣੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਹਰ ਵਾਰ ਪਿਲਾਉਣੀਆਂ ਚਾਹੀਦੀਆਂ ਹਨ ਅਤੇ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਵਿਸ਼ਵ ਪੋਲੀਓ ਦਿਵਸ ਦੇ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ ਦੀ ਅਗਵਾਈ ਹੇਠ ਜਿਲਾ ਹਸਪਤਾਲ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਕੀਤਾ। ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਹਰ ਸਾਲ ਸਪੈਸ਼ਲ ਮੁਹਿੰਮ ਚਲਾਈ ਜਾਂਦੀ ਹੈ ਤਾਂ ਕਿ ਸਾਡੇ ਦੇਸ਼ ਵਿੱਚ ਪੋਲੀਓ ਦੀ ਨਾ-ਮੁਰਾਦ ਬਿਮਾਰੀ ਦੁਬਾਰਾ ਨਾ ਆ ਸਕੇ। ਉਹਨਾਂ ਕਿਹਾ ਕਿ ਸਾਰਿਆਂ ਦੇ ਆਪਸੀ ਸਹਿਯੋਗ ਨਾਲ ਹੀ ਇਸ ਬਿਮਾਰੀ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਇਸ ਲਈ ਸਾਨੂੰ ਸਰਕਾਰ ਵੱਲੋਂ ਚਲਾਈ ਜਾਣ ਵਾਲੀ ਇਸ ਵਿਸ਼ੇਸ਼ ਮੁਹਿੰਮ ਵਿੱਚ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜਰੂਰ ਪਿਲਾਉਣੀਆਂ ਚਾਹੀਦੀਆਂ ਹਨ ਭਾਵੇਂ ਬੱਚੇ ਨੇ ਹੁਣੇ ਹੁਣੇ ਜਨਮ ਲਿਆ ਹੋਵੇ, ਬੱਚਾ ਬਿਮਾਰ ਹੈ, ਬੱਚਾ ਸਫਰ ਕਰ ਰਿਹਾ ਹੈ ,ਬੱਚਾ ਪਹਿਲਾਂ ਟੀਕਾਕਰਨ ਸੂਚੀ ਅਨੁਸਾਰ ਬੂੰਦਾਂ ਪੀ ਚੁੱਕਾ ਹੈ ਤਾਂ ਵੀ ਇਹਨਾਂ ਬੱਚਿਆਂ ਨੂੰ ਸਪੈਸ਼ਲ ਮੁਹਿੰਮ ਦੌਰਾਨ ਪੋਲੀਓ ਬੂੰਦਾ ਪਿਲਾਉਣੀਆਂ ਜਰੂਰੀ ਹੁੰਦੀਆਂ ਹਨ। ਬੱਚਿਆਂ ਦੇ ਮਾਹਰ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਪੋਲੀਓ ਦੇ ਟੀਕੇ ਵੀ ਲਗਾਏ ਜਾ ਰਹੇ ਹਨ ਪਰ ਉਸ ਦੇ ਬਾਵਜੂਦ ਵੀ ਇਹ ਪੋਲੀਓ ਬੂੰਦਾ ਜਰੂਰੀ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਇਹ ਪੋਲੀਓ ਦੀਆਂ ਖੁਰਾਕਾਂ ਦੇਣ ਨਾਲ ਬੱਚਾ ਸਾਰੀ ਉਮਰ ਪੋਲੀਓ ਦੀ ਬਿਮਾਰੀ ਤੋਂ ਬਚਿਆ ਰਹਿੰਦਾ ਹੈ।ਉਹਨਾਂ ਕਿਹਾ ਕਿ ਸਾਨੂੰ ਟੀਕਾਕਰਨ ਸੂਚੀ ਅਨੁਸਾਰ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਾਉਣਾ ਚਾਹੀਦਾ ਹੈ । ਇਸ ਮੌਕੇ ਤੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਬਲਜੀਤ ਸਿੰਘ ,ਧਰਮ ਸਿੰਘ, ਮਾਨਵ ਸ਼ਾਹ, ਮਨਵੀਰ ਸਿੰਘ ਤੋਂ ਇਲਾਵਾ ਮਰੀਜ਼ ਅਤੇ ਉਹਨਾਂ ਦੇ ਵਾਰਸ ਹਾਜ਼ਰ ਸਨ।