ਸ੍ਰੀ ਫ਼ਤਹਿਗੜ੍ਹ ਸਾਹਿਬ/10 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਫੋਨ ਤੇ ਖੁਦ ਨੂੰ ਵਿਦੇਸ਼ ਰਹਿੰਦਾ ਰਿਸ਼ਤੇਦਾਰ ਦੱਸ ਕੇ ਪੰਜਾਬ ਵਿੱਚ ਲੋਕਾਂ ਨੂੰ ਠੱਗਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਹਾਲਾਂਕਿ ਸਾਈਬਰ ਠੱਗੀ ਦੇ ਅਜਿਹੇ ਕਿੰਨੇ ਹੀ ਮਾਮਲੇ ਹੁਣ ਤੱਕ ਅਖਬਾਰਾਂ ਦੀ ਸੁਰਖੀਆਂ ਬਣ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਭੋਲੇ ਭਾਲੇ ਲੋਕਾਂ ਦੇ ਠੱਗੇ ਜਾਣ ਦਾ ਸਿਲਸਿਲਾ ਜਾਰੀ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਇੱਕ ਵਿਅਕਤੀ ਨਾਲ 10 ਲੱਖ ਦੀ ਵੱਜੀ ਕਥਿਤ ਠੱਗੀ ਦੇ ਮਾਮਲੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਨਾਮਲੂਮ ਵਿਅਕਤੀ ਨੇ ਉਸਦੇ ਫੋਨ ਤੇ ਵਟਸਐਪ ਕਾਲਾਂ ਕਰਕੇ ਕਿਹਾ ਕਿ ਉਹ ਅਮਰੀਕਾ ਤੋਂ ਉਸ ਦੇ ਮਾਮੇ ਦਾ ਲੜਕਾ ਬੋਲ ਰਿਹਾ ਹੈ।ਉਕਤ ਨਾਮਾਲੂਮ ਵਿਅਕਤੀ/ ਵਿਅਕਤੀਆਂ ਵੱਲੋਂ 10 ਲੱਖ ਰੁਪਏ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਕੇ ਉਸ ਨਾਲ ਠੱਗੀ ਮਾਰ ਲਈ ਗਈ। ਸ਼ਿਕਾਇਤ ਕਰਤਾ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ/ ਵਿਅਕਤੀਆਂ ਵਿਰੁੱਧ ਅ/ਧ 318(4),316(2),61(2) ਬੀ.ਐਨ.ਐਸ. ਤਹਿਤ ਮੁੱਕਦਮਾ ਦਰਜ ਕਰਕੇ ਥਾਣਾ ਸਾਈਬਰ ਕ੍ਰਾਈਮ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।