ਸ੍ਰੀ ਫ਼ਤਹਿਗੜ੍ਹ ਸਾਹਿਬ/25 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਮਾਤਾ ਗੁਜਰੀ ਕਾਲਜ ਵਿਖੇ ਸ਼ਰਧਾ ਭਾਵਨਾ ਨਾਲ ਹੋਈ ਜਿੱਥੇ ਕਾਲਜ ਦੀ ਗਵਰਨਿੰਗ ਬਾਡੀ ਦੇ ਸਕੱਤਰ ਸ੍ਰ. ਜਗਦੀਪ ਸਿੰਘ ਚੀਮਾ ਨੇ ਕਾਲਜ ਵੱਲੋਂ ਕਰਵਾਏ ਜਾ ਰਹੇ ਸੇਵਾ ਕਾਰਜਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਰਣਨਯੋਗ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਕਾਲਜ ਦੇ ਲਗਭਗ 500 ਵਲੰਟੀਅਰ ਵਿਦਿਆਰਥੀ ਸ਼ਹੀਦੀ ਸਭਾ ਦੇ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ।ਕਾਲਜ ਦੇ ਆਨਰੇਰੀ ਸਕੱਤਰ ਜਗਦੀਪ ਸਿੰਘ ਚੀਮਾ ਨੇ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸਿੱਖ ਵਿਰਸੇ ਅਤੇ ਧਾਰਮਿਕ ਸੱਭਿਆਚਾਰ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਉਹ ਫ਼ਤਹਿਗੜ੍ਹ ਸਾਹਿਬ ਦੀ ਮੁਕੱਦਸ ਧਰਤੀ 'ਤੇ ਹੋਈਆਂ ਸ਼ਹਾਦਤਾਂ ਤੋਂ ਸੇਧ ਲੈ ਕੇ ਆਪਣੇ ਗੌਰਵਮਈ ਵਿਰਸੇ ਨਾਲ ਜੁੜ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਨੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਦੁਨੀਆ ਦੇ ਇਤਿਹਾਸ ਵਿਚ ਅਜਿਹੀ ਮਹਾਨ ਕੁਰਬਾਨੀ ਕਿਤੇ ਵੀ ਦੇਖਣ-ਸੁਣਨ ਨੂੰ ਨਹੀਂ ਮਿਲਦੀ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਅਤੇ ਸਿੱਖ ਵਿਚਾਰਧਾਰਾ ਨਾਲ ਜੁੜਨ ਲਈ ਉਤਸ਼ਾਹਿਤ ਕਰੀਏ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਾਲਜ ਵੱਲੋਂ ਆਯੋਜਿਤ ਕਰਵਾਏ ਗਏ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਐਨ.ਸੀ.ਸੀ. ਕੈਡਿਟ, ਐਨ.ਐਸ.ਐਸ. ਵਿਭਾਗ, ਯੂਥ ਰੈੱਡ ਕਰਾਸ ਯੂਨਿਟ ਦੇ ਵਿਦਿਆਰਥੀ, ਮਾਤਾ ਗੁਜਰੀ ਸਟੱਡੀ ਸਰਕਲ ਦੇ ਵਲੰਟੀਅਰ, ਪੱਤਰਕਾਰੀ ਵਿਭਾਗ ਦੇ ਵਿਦਿਆਰਥੀ, ਵੱਖ-ਵੱਖ ਕਮੇਟੀਆਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਹੀਦੀ ਸਭਾ ਦੌਰਾਨ ਸੰਗਤਾਂ ਦੇ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸੇਵਾ ਕਾਰਜਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਵਿੱਚ ਨਿਮਰਤਾ, ਨਿਸ਼ਕਾਮ ਸੇਵਾ, ਧਰਮ ਪ੍ਰਤੀ ਜਾਗਰੂਕਤਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਸ਼ਹੀਦੀ ਸਭਾ ਦੇ ਪਹਿਲੇ ਦਿਨ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 200 ਯੂਨਿਟ ਖੂਨ ਦਾਨ ਕੀਤਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੰਗਤ ਦੀਆਂ ਸਿਹਤ ਸਹੂਲਤਾਂ ਲਈ ਮੁਫ਼ਤ ਫ਼ਸਟ ਏਡ ਕੈਂਪ ਲਗਾਇਆ ਗਿਆ। ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਲੈਬ ਜਰਨਲ 'ਫ਼ਤਹਿ' ਦਾ ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ। ਕਾਲਜ ਦੇ ਫ਼ਾਈਨ ਆਰਟਸ ਵਿਭਾਗ ਵੱਲੋਂ 'ਰੰਗ-ਏ-ਰੂਹਾਨੀਅਤ' ਕਲਾ ਪ੍ਰਦਰਸ਼ਨੀ ਅਤੇ ਖੇਤੀਬਾੜੀ ਵਿਭਾਗ ਦੇ ਫਲੋਰੀਕਲਚਰ ਦੇ ਪ੍ਰੋਜੈਕਟ ਅਧੀਨ 'ਡਰਾਈ ਫ਼ਲਾਵਰ' ਪ੍ਰਦਰਸ਼ਨੀ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ਜੋ ਸੰਗਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇਸ ਤੋਂ ਇਲਾਵਾ ਮਾਤਾ ਗੁਜਰੀ ਸਟੱਡੀ ਸਰਕਲ, ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਜੋੜਾ ਘਰ ਦੀ ਸੇਵਾ ਵੀ ਬਾਖੂਬੀ ਨਿਭਾਈ ਜਾ ਰਹੀ ਹੈ। ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੂਰ ਦੂਰਾਡਿਓਂ ਆਈ ਸੰਗਤ ਦੇ ਸਹਿਯੋਗ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਕਾਲਜ ਦੇ ਐਨ.ਸੀ.ਸੀ. ਯੂਨਿਟ ਦੇ ਕੈਡਿਟ ਟ੍ਰੈਫ਼ਿਕ ਪੁਲਿਸ ਨਾਲ ਮਿਲ ਕੇ ਸੰਗਤ ਦੀ ਆਵਾਜਾਈ ਨੂੰ ਵੀ ਸੁਖਾਲਾ ਬਣਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਲਜ ਵੱਲੋਂ ਸ਼ਰਧਾਲੂਆਂ ਦੇ ਰਹਿਣ ਲਈ ਵੱਡੇ ਪੱਧਰ 'ਤੇ ਰੈਣ ਬਸੇਰੇ ਬਣਾਏ ਗਏ ਹਨ। ਇਸ ਤੋਂ ਇਲਾਵਾ ਯਾਤਰੀਆਂ ਲਈ ਮੁਫ਼ਤ ਬੱਸ ਸੇਵਾ ਅਤੇ ਕੌਫ਼ੀ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਜਗਦੀਸ਼ ਸਿੰਘ, ਡਾ. ਸਤਨਾਮ ਸਿੰਘ, ਪ੍ਰੋ. ਬੀਰਇੰਦਰ ਸਿੰਘ ਸਰਾਓ, ਪ੍ਰੋ. ਰਵਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਗੁਰਬਾਜ ਸਿੰਘ, ਪ੍ਰੋ. ਹਰਭਿੰਦਰ ਸਿੰਘ, ਡਾ. ਜੁਝਾਰ ਸਿੰਘ, ਡਾ. ਪੁਸ਼ਪਿੰਦਰ ਸਿੰਘ, ਪ੍ਰੋ. ਹਰਗੁਣਪ੍ਰੀਤ ਸਿੰਘ, ਕੋਚ ਬਹਾਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।