Tuesday, January 21, 2025  

ਲੇਖ

ਇਪਟਾ ਦੇ 81ਵੇਂ ਸਥਾਪਨਾ ਦਿਵਸ ’ਤੇ ਪ੍ਰਤਿਭਾਸ਼ਾਲੀ ਲੋਕ-ਗਾਇਕਾ ਚੰਦਰਕਾਂਤਾ ਕਪੂਰ ਦਾ ਸਨਮਾਨ

May 25, 2024

ਤਕਰੀਬਨ ਚਾਰ-ਸਾਢੇ ਦਹਾਕੇ ਪਹਿਲਾਂ ਪੰਦਰਾਂ-ਵੀਹ ਕੁ ਸਾਲ ਦੀ ਚੜ੍ਹਦੀ ਉਮਰੇ ਚੰਦਰ ਕਾਂਤਾ ਕਪੂਰ ਗਾਇਕੀ ਦੀ ਪਿੜ ਵਿਚ ਪੂਰੀ ਚੜ੍ਹਾਈ ਸੀ, ਲੋਕ ਵਿਆਹ ਦੀਆਂ ਤਾਰੀਖਾਂ ਉਸ ਤੋਂ ਪੁੱਛ ਕੇ ਰੱਖਦੇ, ਰੇਡੀਓ ਤੇ ਟੀ. ਵੀ. ਉੱਤੇ ਪ੍ਰੋਗਰਾਮ ਲਈ ਵੀ ਉਸ ਕੋਲ ਸਮੇਂ ਦੀ ਕਿੱਲਤ ਬਣੀ ਰਹਿੰਦੀ। ਤਾੜੀਆਂ ਦੀ ਗੜਗੜਾਹਠ, ਚਾਹੁੰਣ ਵਾਲਿਆਂ ਦੀ ਭੀੜ ਦੇ ਧੱਕਾ-ਮੁੱਕਾ ਚੰਦਰ ਕਾਂਤਾ ਕਪੂਰ ਨੂੰ ਕਦੇ ਕਦੇ ਪ੍ਰੇਸ਼ਾਨ ਕਰ ਦਿੰਦੀ।ਹਰ ਦਿੱਲ ਦੀ ਧੜਕਣ ਸੀ ਚੰਦਰ ਕਾਂਤਾ ਕਪੂਰ।ਅਮਰੀਕਾ, ਕਨੇਡਾ, ਮਲੇਸ਼ੀਆ ਅਤੇ ਸਿੰਘਾਪੁਰ ਵਰਗੇ ਮੁਲਕਾਂ ਵਿਚ ਆਪਣੀ ਗਾਇਕੀ ਦੀ ਧਾਂਕ ਪਾਉਂਣ ਵਾਲੀ ਚੰਦਰ ਕਾਂਤਾ ਕਪੂਰ ਦੀ ਦੋ ਗਾਣਾ ਜੋੜੀ ਪੂਰਨ ਸ਼ਾਹ ਕੋਟੀ, ਪ੍ਰਕਾਸ਼ ਚੰਦ, ਰੇਸ਼ਮ ਸਿਆਲ ਕੋਟੀ ਨਾਲ ਖੂਬ ਜੱਚਦੀ-ਫੱਬਦੀ। ਉਨ੍ਹਾਂ ਸਮਿਆਂ ਵਿਚ ਪੰਦਰਾਂ-ਵੀਹ ਹਜ਼ਾਰ ਤੋਂ ਲੱਖ ਰੁਪਏ ਤੱਕ ਲੈਣ ਵਾਲੀ ਚੰਦਰ ਕਾਂਤਾ ਕਪੂਰ ਆਪਣੇ ਸਮਕਾਲੀ ਗਾਇਕ, ਗਾਇਕਾਵਾਂ ਨਾਲੋਂ ਸਭ ਤੋਂ ਮਹਿੰਗੀ ਗਾਇਕਾ ਸੀ।ਉਸ ਦੇ ਖਾਣ-ਪੀਣ, ਉਠਣ-ਬੈਠਣ, ਰਹਿਣ-ਸਹਿਣ ਬਾਰੇ ਜਾਨਣ ਲਈ ਹਰ ਕੋਈ ਉਤਸਕ ਰਹਿੰਦਾ।
ਸੱਠ ਸਾਲ ਨੂੰ ਢੁੱਕ ਚੁੱਕੀ ਚੰਦਰ ਕਾਂਤਾ ਕਪੂਰ ਮਾੜੇ ਹਾਲਤ ਵਿਚ ਇੱਕਲਤਾ, ਗੁੰਮਨਾਮੀ ਅਤੇ ਮੰਦਹਾਲੀ ਦੀ ਜ਼ਿੰਦਗੀ ਦੀ ਸ਼ਾਮ ਪਿੰਡ ਸਾਨੀ ਦੇ ਫ਼ਖਰ ਏ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਬਿਰਧ ਆਸ਼ਰਮ ਵਿਚ ਗੁਜ਼ਾਰ ਰਹੀ ਹੈ। ਜਿਹੜੇ ਉਸ ਦੇ ਖਾਣ-ਪੀਣ, ਉਠਣ-ਬੈਠਣ, ਰਹਿਣ-ਸਹਿਣ ਬਾਰੇ ਜਾਨਣ ਲਈ ਹਰ ਵੇਲੇ ਉਤਸਕ ਰਹਿੰਦੇ। ਅੱਜ ਉਨ੍ਹਾਂ ਦੇ ਚੇਤਿਆਂ ’ਚੋਂ ਚੰਦਰ ਕਾਂਤਾ ਕਪੂਰ ਉੱਕਾ ਹੀ ਵਿਸਰ ਗਈ ਹੈ।ਕਿਸੇ ਵੇਲੇ ਚੰਦਰ ਕਾਂਤਾ ਕਪੂਰ ਪੰਜਾਬੀਆਂ ਦੀ ਪਹਿਲੀ ਪਸੰਦ ਹੁੰਦੀ ਸੀ। ਪਰ ਹੁਣ ਸਾਡੀ ਪੰਜਾਬੀਆਂ ਦੀ ਪਸੰਦ ਵੀ ਬਦਲ ਗਈ ਤੇ ਸੁਭਾਅ ਵੀ।ਪਹਿਲਾਂ ਸਾਨੂੰ ਪੰਜਾਬੀਆਂ ਨੂੰ ਜ਼ਿੰਦਗੀ ਵਿਚ ਵੀ ਤੇ ਮੰਨ-ਪ੍ਰਚਾਵੇ ਵਿਚ ਵੀ ਸਾਦਗੀ ਪਸੰਦ ਸੀ।ਪਰ ਹੁਣ….।
ਕੁੱਝ ਦਹਾਕੇ ਪਹਿਲਾਂ ਸਾਡੇ ਮੁਲਕ ਦੀਆਂ ਫਿਲਮੀ ਹਸਤੀਆਂ ਤੇ ਮੰਨੇ ਪ੍ਰਮੰਨੇ ਗਾਇਕਾਂ ਦੇ ਜ਼ਿੰਦਗੀ ਦੇ ਅੰਤਲੇ ਦਿਨ ਬੇਹੱਦ ਮਾੜੇ ਤੇ ਤਰਸਯੋਗ ਹੁੰਦੇ ਨੇ।ਉਹ ਦੋ ਡੰਗ ਦੀ ਰੋਟੀ ਨੂੰ ਵੀ ਆਤੁਰ ਹੋ ਜਾਂਦੇ।ਮੁੰਬਈ ਵਰਗੇ ਚਮਕਦੇ-ਦਮਕਦੇ ਸ਼ਹਿਰ ਦੇ ਕਿਸੇ ਹਨੇਰੇ ਕੋਨੇ ਦੇ ਮੁਸ਼ਕ ਮਾਰਦੇ ਕਮਰੇ ਵਿਚ ਦਿਨ ਕਟੀ ਕਰਦਿਆਂ ਦੀ ਉਨ੍ਹਾਂ ਦੀਆਂ ਤਸਵੀਰਾਂ ਮੀਡੀਆਂ ਵਿਚ ਅਕਸਰ ਅਕਸਰ ਨਸ਼ਰ ਹੁੰਦੀਆਂ।ਵਜਹ ਹੈ, ਦੌਲਤ ਤੇ ਸ਼ੋਹਰਤ ਉਨ੍ਹਾਂ ਦਾ ਦਿਮਾਗ ਖਰਾਬ ਕਰ ਦਿੰਦੀ, ਚਕਾਚੌਧੀਆਂ ਉਨ੍ਹਾਂ ਨੂੰ ਚੁੰਧਿਆ ਦਿੰਦੀਆਂ ।ਚਮਚਿਆਂ ਤੇ ਜੀ ਹਜ਼ੂਰੀਆਂ ਦੀ ਭੀੜ ’ਚ Çਘਿਰਆਂ ਨੂੰ ਲੋਕ ਕੀੜੇ-ਮਕੌੜੇ ਜਾਪਦੇ।ਜਦ ਸੂਰਤ ਟਿਕਾਣੇ ਆਉਂਦੀ, ਉਹ ਆਪਣੇ ਆਪ ਨੂੰ ਫਟੇ-ਹਾਲ ਤੇ ਤਰਸਯੋਗ ਸਥਿਤੀ ਵਿਚ ਪਾਉਂਦੇ।
ਪਰ ਚੰਦਰ ਕਾਂਤਾ ਕਪੂਰ ਦੀਆਂ ਫਟੇ-ਹਾਲ ਤੇ ਤਰਸਯੋਗ ਸਥਿਤੀ ਦੀ ਕਾਰਣ ਇਹ ਨਹੀਂ, ਹੋਰ ਹੈ, ਕਾਰਣ ਹੈ, ਆਪਣੇ ਪੰਜ-ਛੇ ਭੈਣਾਂ-ਭਾਈਆਂ ਦੇ ਬੇਹਤਰ ਤੇ ਉੱਜਵਲ ਭਵਿੱਖ ਦੀ ਚਾਹਤ।ਉਨ੍ਹਾਂ ਦੀ ਪੜ੍ਹਾਈ-ਲਿਖਾਈ ਤੋਂ ਲੈ ਕੇ ਵਿਆਹੁਣ-ਵਰਣਾ ਤੱਕ ਦੀ ਜ਼ੁੰਮੇਵਾਰੀ, ਉਨ੍ਹਾਂ ਨੂੰ ਤੱਤੀਆਂ-ਹਵਾਵਾਂ ਤੋਂ ਮਹਿਫੂਜ਼ ਰੱਖਣ ਦੀ ਇੱਛਾ, ਉਨ੍ਹਾਂ ਦੀ ਸੁਖ਼ਾਲੀ ਜ਼ਿੰਦਗੀ ਦੀ ਕਾਮਨਾ। ਆਪਣੇ ਮਾਂ-ਜਾਇਆ ਲਈ ਉਸ ਨੇ ਆਪਣੀ ਦੌਲਤ, ਆਪਣੀਆਂ ਸੁੱਖ-ਸਹੂਲਤਾਂ, ਇੱਥੋਂ ਤੱਕ ਕੇ ਆਪਣੀ ਜ਼ਿੰਦਗੀ ਦੇ ਸੁਨਹਿਰੇ ਪਲ ਅਤੇ ਸੁਪਨੇ ਸਭ ਕੁੱਝ ਦਾਅ ’ਤੇ ਲਾਅ ਦਿੱਤੇ, ਕੁਰਬਾਨ ਕਰ ਦਿੱਤੇ।ਆਪਣਾ ਸੱਭ ਕੁੱਝ ਨਿਛਾਵਰ ਕਰ ਦਿੱਤਾ ਉਸਨੇ ਆਪਣੇ ਖ਼ੂਨ ਤੋਂ।ਪਰ ਖ਼ੂਨ, ਖ਼ੂਨ ਨਿਕਲਿਆ ਚਿੱਟਾ। ਖ਼ੂਨ, ਖ਼ੂਨ ਨੂੰ ਪਛਾਨਣ ਤੋਂ ਇਨਕਾਰੀ ਹੋ ਗਿਆ, ਖ਼ੂਨ ਨੇ ਖ਼ੂਨ ਤੋਂ ਮੂੰਹ ਫੇਰ ਲਿਆ।ਉਸਨੇ ਆਪਣੇ ਭਾਈਆਂ- ਭੈਣਾਂ ਦੀ ਹਰ ਨਿੱਕੀ ਤÇÇ ਨੱਕੀ ਜ਼ਰੂਰਤ ਪੂਰੀ ਕੀਤੀ।ਆਪ ਭੁੱਖੀ ਰਹਿ ਕੇ ਉਨ੍ਹਾਂ ਦਾ ਢਿੱਡ ਭਰਿਆਂ।ਉਸਨੇ ’ਕੱਲੀ ਨੇ ਸਭ ਨੂੰ ਸਾਭਿਆਂ ਪਰ ਸਭ ਤੋਂ ਉਹ ’ਕਲੀ ਨ੍ਹੀਂ ਸਾਂਭ ਹੋਈ।
ਬਿਰਧ ਆਸ਼ਰਮ ਦੇ ਮਾਹੌਲ ਬਾਰੇ ਚੰਦਰ ਕਾਂਤਾ ਕਪੂਰ ਦਾ ਕਹਿਣਾ ਹੈ, “ਪਹਿਲਾਂ-ਪਹਿਲਾਂ ਤਾਂ ਮੈਂਨੂੰ ਓਪਰਾ, ਓਪਰਾ ਲੱਗਿਆਂ, ਓਪਰੇ ਲੋਕ, ਓਪਰਾ ਆਲ੍ਹਾ-ਦੁਆਲ੍ਹਾ, ਸੱਭ ਕੱਝ ਓਪਰਾ ।ਪਰ ਹੌਲੀ ਹੌਲੀ ਓਪਰੇ ਆਪਣਿਆਂ ਤੋਂ ਵੀ ਵੱਧ ਆਪਣੇ ਲੱਗਣ ਲੱਗ ਗਏ।ਆਲ੍ਹਾ-ਦੁਆਲ੍ਹਾ ਵੀ ਆਪਣਾ-ਆਪਣਾ ਲੱਗਣ ਲੱਗ ਗਿਆ।ਹੁਣ ਏਹੀ ਮੇਰਾ ਘਰ ਐ, ਏਹੀ ਮੇਰਾ ਸੰਸਾਰ ਐ, ਇਹੀ ਮੇਰੀਆਂ ਭੈਣਾਂ ਨੇ, ਏਹੀ ਮੇਰੇ ਭਰਾਂ ਨੇ।ਸਾਰੇ ਰਿਸ਼ਤੇ-ਨਾਤੇ ਇੱਥੋਂ ਹੀ ਸ਼ੁਰੂ ਹੋ ਕੇ, ਇੱਥੇ ਹੀ ਮੁੱਕ ਜਾਂਦੇ ਨੇ। ਬੇਰੰਗ ਜ਼ਿੰਦਗੀ ਵਿਚ ਮੁੜ ਰੰਗ ਭਰ ਗਏ।ਹੁਣ ਫੇਰ ਜੀਣ ਦੀ ਇੱਛਾ ਪੈਦਾ ਹੋ ਗਈ। ਔਰਤ ਚਾਹੇ ਬਜ਼ੁਰਗ ਹੋਵੇ, ਚਾਹੇ ਜਵਾਨ ਹੋਵੇ, ਉਸ ਲਈ ’ਕੱਲੀ ਲਈ ਰਹਿਣ ਬਹੁੱਤ ਔਖਾ ਹੈ।ਇੱਥੇ ਆਸ਼ਰਮ ਵਿਚ ਔਰਤਾਂ ਮਹਿਫੂਜ਼ ਹਨ।”
ਬਿਰਧ ਆਸ਼ਰਮ ਵਿਚ ਰਹਿ ਰਹੀ ਚੰਦਰ ਕਾਂਤਾ ਕਪੂਰ ਦਾ ਗੀਤ: “ਲਾਲ, ਲਾਲ, ਮੇਰਾ ਚਿੱਤ ਮਾਹੀ ਦੇ ਨਾਲ, ਮੇਰੀਆਂ ਲਾਲ ਵੰਗਾਂ, ਹਾਏ ਕਿਸ ਘੜੀ ਘੜਵਾਈਆਂ, ਵੰਗਾਂ ਵਿਚ ਡਾਕ ਦੇ ਆਈਆਂ, ਲਾਲ, ਲਾਲ, ਮੇਰੀਆ ਲਾਲ ਵੰਗਾਂ।” ਮਕਬੂਲ ਵੀ ਹੋਇਆ ਤੇ ਉਸ ਨੂੰ ਵੀ ਪ੍ਰਸਿੱਧੀ ਵੀ ਦਵਾਈ।ਹੁਣ ਵੀ ਜਦ ਉਹ ਇਹ ਗੀਤ ਉਹ ਨਮ ਅੱਖਾਂ ਨਾਲ ਗਾਉਂਦੀ ਹੈ ਤਾਂ ਅਤੀਤ ’ਚ ਗੁਆਚ ਜਾਂਦੀ ਹੈ।
ਉਸ ਨੇ ਆਪਣੀ ਜਵਾਨੀ ਤੇ ਸ਼ੌਹਰਤ ਦੀ ਸ਼ਿਖਰ ਦੇ ਦਿਨ ਚੇਤੇ ਕਰਦਿਆਂ ਕਿਹਾ, “ਜਵਾਨੀ ਦੇ ਦਿਨਾਂ ਵਿਚ ਮੇਰੇ ਨਾਲ ਬਥੇਰੇ ਵਿਆਹ ਕਰਵਾਉਂਣਾ ਚਾਹੁੰਦੇ ਸਨ।ਇੱਥੋਂ ਵੀ ਤੇ ਬਾਹਰਲੇ ਮੁਲਕਾਂ ਤੋਂ ਵੀ ਕਈ ਰਿਸ਼ਤੇ ਆਏ।ਪਰ ਪਰਿਵਾਰਕ ਮਜਬੂਰੀਆ ਕਰਕੇ ਮੈਂ ਹਮੇਸ਼ਾਂ ਟਾਲਦੀ ਰਹੀ ਪਰ ਹੁਣ ਸੋਚਦੀ ਆਂ, ਜੇ ਵਿਆਹ ਕਰਵਾ ਲਿਆ ਹੁੰਦਾ ਤਾਂ ਮੇਰਾ ਆਪਣਾ ਪਰਿਵਾਰ ਹੋਣਾ ਸੀ, ਮੇਰੇ ਵੀ ਧੀਆਂ-ਪੁੱਤ ਦੇ ਅੱਗੋਂ ਉਹ ਵੀ ਧੀਆਂ-ਪੁੱਤਾਂ ਵਾਲੇ ਹੋਣੇ ਸਨ।”
ਆਖਰੀ ਸਾਹਾਂ ਤੱਕ ਗਾਉਂਣ ਦੀ ਚਾਹਤ ਰੱਖਣ ਵਾਲੀ ਚੰਦਰ ਕਾਂਤਾ ਕਪੂਰ ਕਹਿੰਦੀ ਹੈ, “ਹਾਲਾਂਕਿ ਹੁਣ ਮੇਰੀ ਗਾਇਕਾ ਦੇ ਤੌਰ ’ਤੇ ਕੋਈ ਪੁੱਛ-ਪ੍ਰਤੀਤ ਨ੍ਹੀਂ। ਕਹਿੰਦੇ ਨ੍ਹੀਂ ‘ਨ੍ਹੇਰੇ ਵਿਚ ਤਾਂ ਪਰਛਾਵਾਂ ਵੀ ਸਾਥ ਛੱਡ ਦਿੰਦੈ, ਬੰਦੇ ਦਾ।’ ਪਰ ਮੈਂ ਹਾਲੇ ਵੀ ਹਰਮੋਨੀਅਨ ਨਾਲ ਬਿਨ੍ਹਾਂ ਨਾਗਾ ਰਿਆਜ਼ ਕਰਦੀ ਆਂ। ਕੀ ਪਤੈ ਕਦੇ ਕੋਈ ਗਾਉਂਣ ਦੀ ਪੇਸ਼ਕਸ਼ ਲੈ ਕੇ ਜਦ ਆ ਈ ਜਾਵੇ। ਉਮੀਦ ਦੇ ਸਹਾਰੇ ਤਾਂ ਇਹ ਦੁਨੀਆਂ ਚੱਲਦੀ ਐ।”
ਇਪਟਾ ਵੱਲੋਂ ਆਪਣੇ ਮੁੱਢਲੇ ਕਾਰਕੁਨ ਅਤੇ ਲੋਕ-ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਮਰਪਿਤ ਇਪਟਾ ਦੀ 81ਵੀਂ ਸਥਾਪਨਾ ਦਿਵਸ ਮੌਕੇ ਲੋਕ-ਗਾਇਕਾ ਚੰਦਰ ਕਾਂਤਾ ਕਪੂਰ ਦਾ ਸਨਮਾਨ ਕਰਨ ਦੇ ਨਾਲ ਨਾਲ, ਉਸ ਦੀ ਗਾਇਕੀ ਦਾ ਆਨੰਦ ਮਾਣ ਕੇ, ਉਸ ਦੀ ਲੰਮੇਂ ਸਮੇਂ ਤੋਂ ਗਾਉਂਣ ਦੀ ਚਾਹਤ ਨੂੰ ਪੂਰਾ ਕਰਨ ਦਾ ਵੀ ਯਤਨ ਹੈ।ਇਸ ਮੌਕੇ ਇਪਟਾ ਦੇ ਮੁੱਢਲੇ ਕਾਰਕੁਨ ਪੰਜਾਬੀ ਰੰਗਮੰਚ ਦੇ ਮੁੱਖ-ਮੰਤਰੀ ਜੋਗਿੰਦਰ ਬਾਹਰਲਾ ਦਾ ਇਪਟਾ ਦੇ ਆਰੰਭਲੇ ਦੌਰ ਦਾ ਚਰਚਿੱਤ ਓਪੇਰਾ ‘ਖੋਹੀਆਂ ਰੰਬੀਆਂ’ ਅਤੇ ਪਾਲੀ ਭੁਪਿੰਦਰ ਦੇ ਲਿਖੇ ਨਾਟਕ ‘ਮੈਂ ਤਾਂ ਜਾਣਾ ਕਨੇਡਾ’ ਦੇ ਮੰਚਣ ਨੂੰ ਬਾਂਸਲ ਤੇ ਇੰਦਰ ਪਾਲ ਦੀ ਨਿਰਦੇਸ਼ਨਾ ਹੇਠ ਫਗਵਾੜਾ ਵਿਖੇ ਕੀਤੇ ਜਾ ਰਹੇ ਹਨ।
ਸੰਜੀਵਨ ਸਿੰਘ
-ਮੋਬਾ: 94174-60656

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ