Sunday, September 08, 2024  

ਲੇਖ

ਬਹੁਤ ਹੀ ਕਮਾਲ ਦੀ ਸ਼ੈਅ ਹੈ ਸਿਆਸਤ

May 27, 2024

ਸਿਆਸਤ ਬਹੁਤ ਹੀ ਕਮਾਲ ਦੀ ਸ਼ਹਿ ਹੈ ਅਤੇ ਆਮ ਜਨਤਾ ਇਸ ਦਾ ਭਰਭੂਰ ਅਨੰਦ ਲੈਂਦੀ ਹੈ। ਸਿਆਸੀ ਪਾਰਟੀਆਂ ਅਤੇ ਲੀਡਰ ਜਿੱਥੇ ਜਿੱਤਣ ਦੀ ਦੌੜ ਵਿੱਚ ਉਲਝੇ ਹੁੰਦੇ ਹਨ, ਉੱਥੇ ਹੀ ਜਨਤਾ ਇੰਨਾਂ ਪਾਰਟੀਆਂ ਅਤੇ ਸਿਆਸੀ ਆਗੂਆਂ ਵੱਲੋਂ ਕੀਤੇ ਜਾ ਰਹੇ ਦਾਵੇ ਅਤੇ ਵਾਅਦਿਆਂ ਨੂੰ ਸੁਣਕੇ ਰੋਜ਼ ਸੱਥਾਂ ਵਿੱਚ ਬੈਠ ਕੇ ਚਟਕਾਰੇ ਲੈਂਦੀ ਹੈ। ਸਿਆਸੀ ਪਾਰਟੀਆਂ ਦੇ ਅਹੁੱਦੇਦਾਰ ਆਪਣੇ ਚਹਿਰੇ ਚਮਕਾਉਣ ਲਈ ਖੁਦ ਆਪਣੀ ਹੀ ਪਾਰਟੀ ਦੇ ਦੂਜੇ ਨੁਮਾਇੰਦਿਆਂ ਨੂੰ ਦਬਾਉਂਦੇ ਹਨ। ਸਿਆਸੀ ਆਗੂ ਚੋਣਾ ਵਿੱਚ ਖੁਦ ਨੂੰ ਜੇਤੂ ਕਰਣ ਲਈ ਵਿਰੋਧੀ ਧਿਰ ਦੇ ਆਗੂਆਂ ਦੇ ਕੱਚੇ ਚਿੱਠੇ ਫਰੋਲ ਰਹੇ ਹੁੰਦੇ ਹਨ।
ਆਮ ਜਨਤਾ ਜੋ ਕਿ ਸਵੇਰ ਤੋਂ ਸ਼ਾਮ ਤੱਕ ਆਪਣੀ ਰੋਜੀ ਰੋਟੀ ਲਈ ਅਣਥੱਕ ਮਹਿਨਤ ਕਰ ਰਹੀ ਹੁੰਦੀ ਹੈ ਅਤੇ ਘਰ ਦੀ ਜ਼ੁੰਮੇਵਾਰੀਆਂ ਵਿੱਚ ਉਲਝੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੁੰਦੀ ਹੈ। ਚੋਣਾਂ ਦੇ ਸਮੇਂ ਇਸ ਆਮ ਜਨਤਾ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਤਰਾਂ ਦਾ ਬਦਲਾਵ ਆਉਂਦਾ ਹੈ ਜਿਵੇਂ ਅਚਨਚੇਤ ਕਿਸੇ ਨੇ ਹੱਥ ਵਿੱਚ ਆ ਕੇ ਸਿਨੇਮਾ ਘਰ ਵਿੱਚ ਲੱਗੀ ਕਿਸੇ ਫ਼ਿਲਮ ਦੀਆਂ ਪੰਜ ਟਿਕਟਾਂ ਫੜਾ ਦਿੱਤੀਆਂ ਹੋਣ ਅਤੇ ਕਿਹਾ ਹੋਵੇ ਜਾਂ ਪਰਿਵਾਰ ਸਮੇਤ ਸਮਾਂ ਕੱਢ ਕੇ ਦੇਖ ਆ। ਚੋਣ ਪ੍ਰਚਾਰ ਦੌਰਾਨ ਬੱਸ ਦੌਰ ਸ਼ੁਰੂ ਹੁੰਦਾ ਹੈ ਆਮ ਜਨਤਾ ਲਈ ਗੱਲਾਂ ਬਾਤਾਂ ਦਾ ਅਤੇ ਵਿਚਾਰ ਚਰਚਾ ਦਾ। ਸਾਰੀਆਂ ਪਾਰਟੀਆਂ ਅਤੇ ਸਾਰੇ ਸਿਆਸੀ ਆਗੂਆਂ ਬਾਰੇ ਗੱਲ ਹੁੰਦੀ ਹੈ। ਕਿਸੇ ਦੀ ਕਿਰਦਾਰਕੁਸ਼ੀ ਅਤੇ ਕਿਸੇ ਦੇ ਸਿਰ ਸਹਿਰੇ ਬੱਝਦੇ ਹਨ। ਆਪਣੀ ਜ਼ਿੰਦਗੀ ਦੇ ਝਮੇਲਿਆਂ ਵਿੱਚੋਂ ਨਿਕਲ ਕੇ ਸਿਆਸਤ ਦੇ ਝਮੇਲਿਆਂ ਉੱਤੇ ਵਿਚਾਰ ਚਰਚਾ ਹੁੰਦੀ ਹੈ।
ਆਮ ਜਨਤਾ ਨੂੰ ਭਲੀ ਭਾਂਤ ਪਤਾ ਹੁੰਦਾ ਹੈ ਕਿ ਜਨਤਾ ਦਾ ਸਿਆਸਤ ਵਿੱਚ ਰੋਲ ਸਿਰਫ ਵੋਟ ਪਾਉਣ ਤੱਕ ਹੈ। ਉਸ ਤੋਂ ਬਾਦ ਨਾ ਕਿਸੇ ਸਿਆਸੀ ਪਾਰਟੀ ਅਤੇ ਨਾ ਕਿਸੇ ਸਿਆਸੀ ਆਗੂ ਨੇ ਉੱਨਾਂ ਦੀ ਖ਼ਬਰ ਨਹੀ ਲੈਣੀ ਪਰ ਫਿਰ ਵੀ ਵੋਟ ਪਾਉਣੀ ਹੈ ਤਾਂ ਆਮ ਜਨਤਾ ਆਪਣੀ ਮਰਜੀ ਨਾਲ ਹੀ ਕਿਸੇ ਆਗੂ ਨੂੰ ਵੋਟ ਪਾਏਗੀ। ਫਿਰ ਵੀ ਆਮ ਜਨਤਾ ਕਹੇਗੀ ਕਿ ਸਾਡਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿੱਤਣਾ ਸਿਰਫ ਇੱਕ ਆਗੂ ਨੇ ਹੁੰਦਾ ਹੈ ਪਰ ਉਮੀਦਵਾਰ ਬਹੁ ਗਿਣਤੀ ਵਿੱਚ ਖੜਦੇ ਹਨ। ਉਮੀਦਵਾਰ ਵੀ ਤਾਂ ਆਮ ਜਨਤਾ ਵਿੱਚੋਂ ਹੀ ਉੱਠਦੇ ਹਨ। ਜੇਕਰ ਸਹੀ ਮਾਇਨੇ ਵਿੱਚ ਦੇਖਿਆ ਜਾਵੇ ਤਾਂ ਸਿਆਸਤ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਅਣਿਖੜਵਾਂ ਅੰਗ ਹੈ। ਜੇਕਰ ਕਿਸੇ ਵੀ ਵਿਅਕਤੀ ਜਾਂ ਭਾਈਚਾਰੇ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਫਿਰ ਇੱਕ ਦੂਸਰੇ ਦੇ ਵਿਰੋਧ ਵਿੱਚ ਕਿਉਂ ਖੜਣਾ? ਕਿਸੇ ਇੱਕ ਪਾਰਟੀ ਜਾਂ ਆਗੂ ਦਾ ਸਮਰਥਣ ਕਿਉਂ ਕਰਣਾ? ਖੁਦ ਉੱਚਾ ਉੱਠਣ ਲਈ ਕਿਸੇ ਹੋਰ ਨੂੰ ਨੀਵਾਂ ਕਿਉਂ ਸੁੱਟਣਾ? ਖੁਦ ਅੱਗੇ ਆਉਣ ਲਈ ਦੂਸਰੇ ਨੂੰ ਪਿੱਛੇ ਕਿਉਂ ਧਕੇਲਣਾ? ਕਿਸੇ ਇੱਕ ਨੂੰ ਵੋਟ ਪਾਉਣ ਕਿਉਂ ਜਾਣਾ?
ਸਿਆਸਤ ਕਰਕੇ ਹਰ ਸਖਸ਼ਿਅਤ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਹੈ। ਚਾਹੇ ਕੋਈ ਸਿਆਸੀ ਆਗੂ ਹੈ, ਚਾਹੇ ਕੋਈ ਸਮਰਥਕ ਹੈ ਚਾਹੇ ਕੋਈ ਕਨਵੀਨਰ ਹੈ, ਚਾਹੇ ਵੋਟਰ ਹੈ, ਚਾਹੇ ਸਾਰਕਾਰੀ ਕਰਮਚਾਰੀ ਹੈ। ਸਿਆਸਤ ਹਰ ਕਿਸੇ ਦੇ ਚਿਹਰੇ ਦਾ ਨਕਾਬ ਉਤਾਰ ਸੁੱਟਦੀ ਹੈ। ਸਿਆਸਤ ਇੰਨੀ ਦਿਲਚਸਪ ਹੈ ਕਿ ਹਰ ਸ਼ਖਸ ਬਹੁਤ ਵਧੀਆ ਬੁਲਾਰਾ ਬਣਦਾ ਹੈ। ਹਰ ਸ਼ਖਸ ਇੱਕ ਵਧੀਆ ਆਗੂ ਬਣਦਾ ਹੈ। ਕਿਉਂਕਿ ਤਕਲੀਫ ਹਰ ਸੀਨੇ ਵਿੱਚ ਹੈ। ਸਿਆਸਤ ਨਾਲ ਕੋਈ ਸੰਬੰਧ ਨਾ ਰੱਖਣ ਵਾਲਾ ਵੀ ਕਿਸੇ ਇੱਕ ਨੂੰ ਵੋਟ ਜ਼ਰੂਰ ਪਾਉਂਦਾ ਹੈ। ਆਮ ਜਨਤਾ ਇਸ ਦਿਲਚਸਪ ਸਿਆਸਤ ਤੋਂ ਜਿੰਨਾਂ ਦੂਰ ਜਾਂਦੀ ਹੈ ਉੱਨਾਂ ਹੀ ਸਿਆਸਤ ਇਸ ਦੇ ਨਜ਼ਦੀਕ ਆਉੰਦੀ ਹੈ। ਇੱਥੇ ਇੱਕ ਸਵਾਲ ਉਪਜਦਾ ਹੈ। ਫਿਰ ਗਿਣੇ ਮਿੱਥੇ ਸਿਆਸੀ ਆਗੂ ਚਹਿਰੇ ਕਿਉਂ? ਪੜੇ ਲਿਖੇ ਜੋ ਪੰਜਾਬ ਦਾ ਦਰਦ ਰੱਖਦੇ ਹਨ। ਜੋ ਸਿਆਸੀ ਆਗੂਆਂ ਨੂੰ ਸਵਾਲ ਕਰਨ ਦਾ ਜਜ਼ਬਾ ਰੱਖਦੇ ਹਨ।
ਜੋ ਸਮਾਜ ਦੀ ਸੇਵਾ ਕਰਣ ਵਿੱਚ ਤੱਤਪਰ ਰਹਿੰਦੇ ਹਨ। ਜੋ ਧਰਮ ਦੇ ਹੱਕਾਂ ਲਈ ਅਵਾਜ ਬੁਲੰਦ ਕਰਦੇ ਹਨ। ਉਹ ਕਿਉਂ ਨਹੀਂ ਸਿਆਸਤ ਵਰਗੀ ਕਮਾਲ ਦੀ ਸ਼ਹਿ ਨੂੰ ਆਪਣਾ ਹਥਿਆਰ ਬਣਾਉਂਦੇ? ਕਦੋਂ ਤੱਕ ਧਰਨੇ ਲਗਾਉਂਦੇ ਰਹਾਂਗੇ? ਕਦੋਂ ਤੱਕ ਮੰਗਾਂ ਰੱਖਦੇ ਰਹਾਂਗੇ? ਕਦੋਂ ਤੱਕ ਜਾਨਾਂ ਗਵਾਉਂਦੇ ਰਹਾਂਗੇ? ਜੇਕਰ ਜਿਗਰਾ ਹੈ ਸਾਡੇ ਵਿੱਚ ਲੜਣ ਦਾ, ਜੇਕਰ ਦਮ ਹੈ ਸਾਡੇ ਵਿੱਚ ਡੱਟ ਕੇ ਖੜਣ ਦਾ ਫਿਰ ਕਿਉਂ ਕਿਸੇ ਦੇ ਮਗਰ ਮਗਰ ਤੁਰਣਾ? ਕਿਉਂ ਨਾ ਹੁਣ ਅੱਗੇ ਆ ਕੇ ਆਗੂ ਬਣਿਏ ਅਤੇ ਇਸ ਦਿਲਚਸਪ ਸਿਆਸਤ ਨੂੰ ਪੰਜਾਬ ਦੀ ਖੁਸ਼ਹਾਲੀ ਲਈ ਵਰਤੋਂ ਵਿੱਚ ਲਿਆਈਏ।
ਰਸ਼ਪਿੰਦਰ ਕੌਰ ਗਿੱਲ
-ਮੋਬਾ: +91-9888697078

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ