ਲੋਕਾਂ ਸਭਾ ਦੀਆਂ ਚੱਲ ਰਹੀਆਂ ਚੋਣਾਂ ਦੇ ਛੇਵੇਂ ਗੇੜ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੋ ਦਿਨਾਂ ’ਚ ਪੰਜਾਬ ’ਚ ਤਿੰਨ ਚੋਣ ਰੈਲੀਆਂ ਕੀਤੀਆਂ ਅਤੇ ਉਹ ਸਭ ਕੁੱਛ ਆਪਣੇ ਨਾਲ ਲਿਆਏ ਜੋ ਹੋਰਨਾਂ ਰਾਜਾਂ ’ਚ ਚੋਣ ਪ੍ਰਚਾਰ ਕਰਦੇ ਸਮੇਂ ਉਹ ਵਰਤ ਰਹੇ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚੋਣਾਂ ਦੇ ਪਹਿਲੇ ਗੇੜ ਤੋਂ ਹੀ ਚੋਣ ਪ੍ਰਚਾਰ ’ਚ ਵਰਤੇ ਜਾਣ ਵਾਲੇ ਆਪਣੇ ਮੁੱਦਿਆਂ ਨੂੰ ਫ਼ਿਰਕੂ ਰੰਗਤ ’ਚ ਰੰਗ ਦਿੱਤਾ ਹੈ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨੀਵਾਂ ਦਿਖਾਉਣ ਦੀ ਨੀਤੀ ਅਪਣਾ ਲਈ ਹੈ। ਦੇਖਣ ’ਚ ਇਹ ਆਇਆ ਹੈ ਕਿ ਆਪਣੇ ਦਸ ਸਾਲ ਦੇ ਰਾਜ ਦੀਆਂ ਪ੍ਰਾਪਤੀਆਂ ਗਿਣਾਉਣ ਦੀ ਥਾਂ ’ਤੇ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ, ਖ਼ਾਸ ਕਰ ਕਾਂਗਰਸ ਪਾਰਟੀ ਦੀਆਂ ਨਵੀਆਂ-ਪੁਰਾਣੀਆਂ ਗਲਤੀਆਂ ਗਿਣਾਉਣ ਤੋਂ ਸ਼ੁਰੂ ਕਰਕੇ ਹਿੰਦੂ ਵੋਟਰਾਂ ਨੂੰ ਡਰਾਉਣ ਤੋਂ ਲੈ ਕੇ ਸਾਰੇ ਭਾਰਤੀਆਂ ਨੂੰ ਡਰਾਉਣ ਤੱਕ ਦਾ ਸਫ਼ਰ ਚੰਦ ਦਿਨਾਂ ’ਚ ਹੀ ਤੈਅ ਕਰ ਲਿਆ ਹੈ। ਸਮੁੱਚੇ ਦੇਸ਼ ਨੂੰ ਡਰਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਹ ਕਹਿਣ ਤੱਕ ਗਏ ਹਨ ਕਿ ਜੇ ਵਿਰੋਧੀ ਗੱਠਜੋੜ ਦੀ ਸਰਕਾਰ ਆ ਗਈ ਤਾਂ ਉਹ ਭਾਰਤ ਦੇ ਪ੍ਰਮਾਣੂ ਬੰਬ ਨਕਾਰਾ ਕਰ ਦੇਵੇਗੀ। ਉਨ੍ਹਾਂ ਦੇ ਰਾਜਸਥਾਨ ਦੇ ਬਾਂਸਵਾੜਾ ਦੀ ਚੋਣ ਰੈਲੀ ’ਚ, ਫ਼ਿਰਕੂ ਭਾਸ਼ਣ ਲਈ ਚੋਣ ਕਮਿਸ਼ਨ ਨੂੰ ਨੋਟਿਸ ਵੀ ਜਾਰੀ ਕਰਨਾ ਪਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਚੋਣ ਪ੍ਰਚਾਰ ’ਚ ਫ਼ਿਰਕਾਪ੍ਰਸਤੀ ਦਾ ਸਹਾਰਾ ਲਿਆ ਹੈ, ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਛੁਟਿਆਇਆ ਹੈ ਅਤੇ ਬੇਮਤਲਬ ਦੀਆਂ ਫੜਾਂ ਵੀ ਮਾਰੀਆਂ ਹਨ। ਹੁਣ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਹ ਕਹਿਣ ਤੱਕ ਪਹੁੰਚ ਗਏ ਹਨ ਕਿ ਉਹ ‘ਅਵਿਨਾਸ਼ੀ’ ਹਨ ਅਤੇ ਉਨ੍ਹਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ।
ਪੰਜਾਬ ਦੀਆਂ ਚੋਣ ਰੈਲੀਆਂ ’ਚ ਉਨ੍ਹਾਂ ਨੇ ਆਪਣੇ ਭਾਸ਼ਣਾਂ ਦੇ ਇਹ ਤੱਤ ਅਤੇ ਸੁਰ ਬਰਕਰਾਰ ਰੱਖੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਾਗ਼ਜ਼ੀ ਮੁੱਖ ਮੰਤਰੀ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਰੇਕ ਫ਼ੈਸਲਾ ਕਰਨ ਤੋਂ ਪਹਿਲਾਂ ਤਿਹਾੜ ਜ਼ੇਲ੍ਹ ਜਾਣਾ ਪੈਂਦਾ ਹੈ। ਪੰਜਾਬ ’ਚ ਆ ਕੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਨਾ ਨਹੀਂ ਭੁੱਲਿਆ ਤੇ ਕਿਹਾ ਕਿ 1971 ਦੀ ਜੰਗ ਸਮੇਂ ਜੇ ਉਹ [ ਪ੍ਰਧਾਨ ਮੰਤਰੀ] ਹੁੰਦੇ ਤਾਂ ਉਨ੍ਹਾਂ ਨੇ ਹਥਿਆਰ ਸੁੱਟ ਚੁੱਕੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਇੱਧਰ ਲਿਆਉਣਾ ਸੀ। ਸਭ ਜਾਣਦੇ ਹਨ ਕਿ ਪਾਕਿਸਤਾਨ ਨਾਲ ਜੰਗ ਸਮੇਂ ਭਾਰਤੀ ਫੌਜੀਆਂ ਲਈ ਇਤਹਾਸਕ ਗੁਰਦੁਆਰੇ ਨੂੰ ਕਬਜ਼ੇ ’ਚ ਲੈਣ ਦਾ ਕੋਈ ਨਿਸ਼ਾਨਾ ਨਹੀਂ ਸੀ, ਸਗੋਂ ਉਹ ਇਸ ਦੇ ਨਾਲ ਹੀ ਲੱਗਦੇ ਰਾਵੀ ਦਰਿਆ ਦੇ ਪੁਲ ਅਤੇ ਸੜਕ ’ਤੇ ਕਬਜ਼ਾ ਕਰਨ ਦਾ ਨਿਸ਼ਾਨਾ ਰੱਖਦੇ ਸਨ। ਇਹ ਵੀ ਸਭ ਜਾਣਦੇ ਹਨ ਕਿ ਸ਼ਿਮਲਾ ਸਮਝੌਤੇ ’ਚ ਭਾਰਤ ਨੇ ਪਾਕਿਸਤਾਨ ਦਾ ਕੋਈ ਵੀ ਇਲਾਕਾ ਆਪਣੇ ਕੋਲ ਨਹੀਂ ਰੱਖਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਚੋਣ ਰੈਲੀ ’ਚ 1984 ਦੇ ਦੰਗਿਆਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਿਆ ਅਤੇ ਕਿਹਾ ਕਿ ਮੈਂ ਹੀ ਦੰਗਿਆਂ ਦੀਆਂ ਫਾਇਲਾਂ ਖੁਲ੍ਹਵਾਈਆਂ ਸਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਧਾਨ ਸਭਾ ਦੀਆਂ ਚੋਣਾਂ ’ਚ ਚੋਣ ਰੈਲੀ ਨੂੰ ਹੀ ਸੰਬੋਧਨ ਕਰਨ ਲਈ 5 ਜਨਵਰੀ 2022 ਨੂੰ ਪੰਜਾਬ ’ਚ ਆਏ ਸਨ, ਪਰ ਉਨ੍ਹਾਂ ਨੂੰ ਫਿਰੋਜ਼ਪੁਰ ਦੀ ਚੋਣ ਰੈਲੀ ਨੂੰ ਮੁਖਾਤਿਬ ਹੋਏ ਬਗ਼ੈਰ ਹੀ ਮੁੜਨਾ ਪਿਆ ਸੀ ਕਿਉਂਕਿ ਜਿਸ ਸੜਕ ’ਤੇ ਉਨ੍ਹਾਂ ਅਗਾਂਹ ਵੱਧਣਾ ਸੀ, ਉਥੇ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਸੀ। ਪ੍ਰਧਾਨ ਮੰਤਰੀ ਨੇ ਵਾਪਸ ਜਾ ਕੇ ਕਿਹਾ ਸੀ ਕਿ ਮੈਂ ਬਚ ਕੇ ਵਾਪਸ ਆ ਗਿਆ ਹਾਂ। ਪਰ ਕਿਸਾਨਾਂ ਦੇ ਰੋਸ ਤੋਂ ਪ੍ਰਧਾਨ ਮੰਤਰੀ ਹਾਲੇ ਵੀ ਬਚੇ ਨਹੀਂ ਹੋਏ ਹਨ। ਇਹ ਚੰਗਾ ਰਿਹਾ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀਆਂ ਚੋਣ ਰੈਲੀਆਂ ’ਚ ਨੀਤੀ ਅਨੁਸਾਰ ਖਰਲ ਨਹੀਂ ਪਾਇਆ । ਹਾਲਾਂਕਿ ਉਹ ਰੋਸ ਜ਼ਰੂਰ ਜਤਾਉਂਦੇ ਰਹੇ । ਪ੍ਰਧਾਨ ਮੰਤਰੀ ਦੇ ਵਿਰੋਧ ਦਾ ਕਾਰਨ ਕਿਸਾਨਾਂ ਨਾਲ ਉਨ੍ਹਾਂ ਦੁਆਰਾ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਕੀਤਾ ਉਹ ਵਾਅਦਾ ਹੈ, ਜਿਸ ਨੂੰ ਹਾਲੇ ਤੱਕ ਅਮਲ ’ਚ ਨਹੀਂ ਲਿਆਂਦਾ ਗਿਆ। ਪੰਜਾਬ ’ਚ ਕਿਸਾਨਾਂ ਦੇ ਵਿਰੋਧ ਦਾ ਕੇਂਦਰ ਤੇ ਪਜੰਾਬ ਦੇ ਪ੍ਰਸ਼ਾਸਨ ਨੂੰ ਐਸਾ ਖੌਫ਼ ਰਿਹਾ ਕਿ ਉਨ੍ਹਾਂ ਨੇ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਤਾਇਨਾਤ ਕਰਕੇ ਪ੍ਰਧਾਨ ਮੰਤਰੀ ਦੀਆਂ ਚੋਣ ਰੈਲੀਆਂ ਕਰਵਾਈਆਂ। ਪਰ ਸਾਬਤ ਇਹ ਹੋਇਆ ਹੈ ਕਿ ਪ੍ਰਧਾਨ ਮੰਤਰੀ ਦੀਆਂ ਚੋਣ ਰੈਲੀਆਂ ਫਿੱਕੀਆਂ ਰਹੀਆਂ ਅਤੇ ਉਨ੍ਹਾਂ ਦੇ ਭਾਸ਼ਣ ਕੋਈ ਪ੍ਰਭਾਵ ਨਹੀਂ ਪਾ ਸਕੇ।