Saturday, December 21, 2024  

ਲੇਖ

ਭਾਰਤੀਆਂ ਦਾ ਮਾਣ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ

May 27, 2024

ਭਾਰਤ ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੀ ਸ਼ੁਰੂਆਤ 1857 ਨੂੰ ਮੇਰਠ ਤੋਂ ਹੋਈ ਸੀ। ਇਹ ਸੰਗ੍ਰਾਮ ਅਚਾਨਕ ਨਹੀਂ ਹੋਇਆ ਸੀ ਸਗੋਂ ਇਹ ਇੱਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਸੀ ਅਤੇ ਇਸ ਦੀ ਤਿਆਰੀ ਇੱਕ ਸਾਂਝੀ ਅਗਵਾਈ ਤਹਿਤ 1854 ਤੋਂ ਸ਼ੁਰੂ ਹੋ ਗਈ ਸੀ। ਭਾਰਤੀ ਇਤਹਾਸ ’ਚ ਇਹ ਪਹਿਲੀ ਵਾਰ ਹੋਇਆ ਸੀ ਕਿ ਦੇਸੀ ਫੌਜਾਂ ਨੇ ਆਪਣੇ ਯੂਰਪੀ ਅਫ਼ਸਰਾਂ ਦਾ ਕਤਲ ਕਰ ਦਿੱਤਾ ਸੀ। ਹਿੰਦੂ ਅਤੇ ਮੁਸਲਿਮ, ਆਪਸੀ ਫ਼ਿਰਕੂ ਨਫ਼ਰਤ ਅਤੇ ਮਤਭੇਦਾਂ ਨੂੰ ਤਿਆਗ ਕੇ, ਆਪਣੇ ਇੱਕ ਹੀ ਮਾਲਕ ਦੇ ਖ਼ਿਲਾਫ਼ ਹੋ ਗਏ।
ਇਹ ਬਗਾਵਤ ਸਿਰਫ਼ ਕੁੱਛ ਥਾਵਾਂ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਇਹ ਪੂਰੇ ਭਾਰਤ ’ਚ ਫੈਲੀ ਹੋਈ ਸੀ। ਕਾਰਲ ਮਾਰਕਸ ਨੇ 14 ਅਗਸਤ 1857 ਨੂੰ ਲਿਖੇ ਆਪਣੇ ਲੇਖ ’ਚ ਕਿਹਾ ਸੀ ਕਿ ‘‘ਜਿਸ ਨੂੰ ਅੰਗ੍ਰੇਜ਼ ਅਫ਼ਸਰ ਬਗਾਵਤ ਸਮਝ ਰਹੇ ਹਨ ਉਹ ਸੱਚਮੁੱਚ ਕੌਮੀ ਵਿਦਰੋਹ ਹੈ।’’ ਸਮਾਜਵਾਦ ਦੇ ਸਿਧਾਂਤਕਾਰ ਮਾਰਕਸ ਨੇ ਇਸ ਨੂੰ ਭਾਰਤ ਦਾ ‘‘ਰਾਸ਼ਟਰੀ ਵਿਦਰੋਹ’’ ਕਹਿ ਕੇ ਇਸ ਦਾ ਸਵਾਗਤ ਕੀਤਾ ਸੀ। ਮਾਰਕਸ ਨੇ ਇਸ ਨੂੰ ਬਰਤਾਨਵੀ ਸ਼ਾਸਨ ਦੀਆਂ ਜੜ੍ਹਾਂ ਉਖਾੜ ਦੇਣ ਲਈ ਭਾਰਤੀ ਲੋਕਾਂ ਦੀ ਕ੍ਰਾਂਤੀ ਤੱਕ ਕਿਹਾ ਸੀ ਅਤੇ ਅਰਨੇਸਟ ਜੋਨਸ ਨੇ 5 ਸਤੰਬਰ 1857 ਨੂੰ ਪੀਪਲਸ ਪੇਪਰ ’ਚ ਲਿਖੇ ਆਪਣੇ ਲੇਖ ’ਚ ਕਿਹਾ ਸੀ ਕਿ ‘‘ਵਿਸ਼ਵ ਦੇ ਇਤਹਾਸ ਵਿੱਚ ਜਿੰਨੇ ਵੀ ਵਿਦਰੋਹਾਂ ਦੀ ਚੇਸ਼ਟਾ ਕੀਤੀ ਗਈ ਹੈ, ਇਹ ਉਨ੍ਹਾਂ ਸਾਰਿਆਂ ਤੋਂ ਵੱਧ ਨਿਆਂਪੂਰਨ, ਨੇਕ ਅਤੇ ਜ਼ਰੂਰੀ ਵਿਦਰੋਹ ਹੈ।’’ ਬਰਤਾਨੀਆ ’ਚ ਚਾਰਟਿਸਟ ਅੰਦੋਲਨ ਦੇ ਨੇਤਾ ਅਰਨੇਸਟ ਜੋਨਸ ਨੇ ਇਸ ਦਾ ਸਭ ਤੋਂ ਨਿਆਂ ਪੂਰਨ ਅਤੇ ਲਾਜ਼ਮੀ ਵਿਦਰੋਹ ਕਹਿ ਕੇ ਸਵਾਗਤ ਕੀਤਾ ਸੀ ਅਤੇ ਆਪਣੇ ਦੇਸ਼ਵਾਸੀਆਂ ਨੂੰ ਇਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ।
ਇਹ ਭਾਰਤ ਦਾ ਪਹਿਲਾ ਹਥਿਆਰਬੰਦ ਕੌਮੀ ਮਹਾਵਿਦਰੋਹ ਸੀ। ਇਹ ਭਾਰਤ ਦੀ ਆਜ਼ਾਦੀ ਲਈ ਪਹਿਲਾ ਰਾਸ਼ਟਰੀ ਸੰਗ੍ਰਾਮ ਸੀ। ਇਸ ਵਿਦਰੋਹ ਦੇ ਸਿਪਾਹੀ ਦੇ ਰੂਪ ’ਚ ਕਿਸਾਨ, ਕਾਰੀਗਰ, ਰਾਜਾ-ਰਾਣੀ, ਨਵਾਬ-ਬੇਗਮ, ਤਾਲੁਕਦਾਰ, ਜਮੀਂਦਾਰ, ਸੇਠ-ਸ਼ਾਹੂਕਾਰ, ਹਿੰਦੂ-ਮੁਸਲਮਾਨ ਆਦਿ ਵੱਖ ਵੱਖ ਫ਼ਿਰਕਿਆਂ ਦੇ ਅਤੇ ਧਰਮਾਂ ਦੇ ਲੋਕ ਮੈਦਾਨ ’ਚ ਉਤਰੇ ਸਨ। ਇਨ੍ਹਾਂ ਸਾਰਿਆਂ ਦਾ ਸਭ ਤੋਂ ਮੁੱਖ ਉਦੇਸ਼ ਭਾਰਤ ਤੋਂ ਫਿਰੰਗੀਆਂ ਨੂੰ ਮਾਰ ਭਜਾਉਣਾ ਸੀ। ਉਨ੍ਹਾਂ ਦੇ ਕਬਜ਼ੇ ਤੋਂ ਦੇਸ਼ ਨੂੰ ਆਜ਼ਾਦ ਕਰਨਾ ਸੀ। ਇਸ ਵਿਦਰੋਹ ਦੀ ਮੁੱਖ ਤਾਕਤ, ਅੰਗਰੇਜ਼ਾਂ ਦੀ ਫੌਜ ’ਚ ਭਾਰਤੀ ਸਿਪਾਹੀ ਅਤੇ ਕਿਸਾਨ ਸਨ। ਸਿਪਾਹੀ ਇਨ੍ਹਾਂ ਕਿਸਾਨਾਂ ਦੀ ਹੀ ਔਲਾਦ ਸਨ। ਉਹ ਖ਼ੁਦ ਵੀ ਕਿਸਾਨ ਸਨ।
ਇਸ ਅੰਦੋਲਨ ਦਾ ਮੁੱਖ ਕਾਰਨ ਸੀ, ਅੰਗਰਜ਼ਾਂ ਦੀ ਲੁੱਟ ਅਤੇ ਧੰਨ ਭੋਟ ਕੇ ਹਿੰਦੁਸਤਾਨ ਤੋਂ ਬਰਤਾਨੀਆ ਲੈ ਜਾਣ ਦੀ ਉਨ੍ਹਾਂ ਦੀ ਲਾਲਸਾ। ਅੰਗਰੇਜ਼ ਕਿਸਾਨਾਂ ਅਤੇ ਕਾਰੀਗਰਾਂ ਨੂੰ ਬੇਰਹਿਮੀ ਨਾਲ ਲੁੱਟਦੇ ਸਨ। ਉਨ੍ਹਾਂ ਨੇ ਜ਼ਮੀਨ ਦੇ ਟੈਕਸ ਬਹੁਤ ਵਧਾ ਦਿੱਤੇ ਸਨ। ਕਿਸਾਨਾਂ ਦੀ ਆਮਦਨ ਅੱਧੀ ਕਰ ਦਿੱਤੀ ਸੀ। ਰਾਜੇ-ਮਹਾਰਾਜਿਆਂ ਦੀਆਂ ਜਗੀਰਾਂ ਖੋਹ ਲਈਆਂ ਸਨ, ਉਨ੍ਹਾਂ ਦਾ ਟੈਕਸ ਵੀ ਵਧਾ ਦਿੱਤਾ ਸੀ। ਟੈਕਸ ਜ਼ਬਰਨ ਵਸੂਲਿਆ ਜਾਂਦਾ ਸੀ। ਬਹੁਤ ਸਾਰੇ ਰਾਜਿਆਂ ਦੇ ਰਾਜ-ਪਾਟ ਹੜੱਪ ਲਏ ਸਨ। ਉਨ੍ਹਾਂ ਦੇ ਵਾਰਿਸਾਂ ਨੂੰ ਆਮ ਸਾਧਾਰਨ ਨਾਗਰਿਕ ਬਣਾ ਦਿੱਤਾ ਸੀ ਇਸ ਤਰ੍ਹਾਂ ਇਸ ਅੰਦੋਲਨ ਦਾ ਮੁੱਖ ਕਾਰਨ ਅੰਗੇ੍ਰਜ਼ਾਂ ਦੀਆਂ ਲੁੱਟ ਦੀਆਂ ਨੀਤੀਆਂ ਅਤੇ ਉਨ੍ਹਾਂ ਦੀ ਆਰਥਿਕ, ਸਿਆਸੀ ਅਤੇ ਧਾਰਮਿਕ ਦਖ਼ਲਅੰਦਾਜ਼ੀ ਸੀ।
ਇਸ ਮਹਾਸੰਗ੍ਰਾਮ ਲਈ ਜਿਸ ਯੁੱਧ ਸੰਚਾਲਨ ਸੰਮਤੀ ਦਾ ਨਿਰਮਾਣ ਕੀਤਾ ਗਿਆ ਸੀ, ਉਸ ਵਿੱਚ 50 ਫੀ ਸਦ ਹਿੰਦੂ ਅਤੇ 50 ਫੀ ਸਦ ਮੁਸਲਮਾਨ ਸਨ। ਇਸ ਮਹਾ ਵਿਦਰੋਹ ਦੇ ਪ੍ਰੇਰਣਾਦਾਇਕ ਨਾਨਾ ਸਾਹਿਬ ਅਤੇ ਉਨ੍ਹਾਂ ਦੇ ਮੰਤਰੀ ਅਜੀਮੁੱਲ੍ਹਾ ਖ਼ਾਨ ਨੂੰ ਬਣਾਇਆ ਗਿਆ ਸੀ। ਇਸ ਹਥਿਆਰਬੰਦ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਅਜੀਮਉੱਲਾ ਖ਼ਾਨ ਨੂੰ ਦੂਜੇ ਦੇਸ਼ਾਂ ’ਚ ਭੇਜਿਆ ਗਿਆ ਸੀ। ਉਨ੍ਹਾਂ ਨੇ ਰੂਸ, ਫਰਾਂਸ, ਇੰਗਲੈਂਡ, ਫਾਰਸ, ਤੁਰਕੀ ਅਤੇ ਕਰੀਮੀਆ ਦੀਆਂ ਯਾਤਰਾਵਾਂ ਕੀਤੀਆਂ ਸਨ। ਅਜੀਮਉੱਲਾ ਖ਼ਾਨ ਦੀ ਰਿਪੋਰਟ ’ਤੇ ਬਿਠੂਰ ’ਚ ਵਿਦਰੋਹ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਸ ਯੋਜਨਾ ਦੇ ਬਾਅਦ, ਨਾਨਾ ਸਾਹਿਬ ਨੇ ਦੇਸ਼ ਦੇ ਰਾਜਿਆਂ ਅਤੇ ਨਵਾਬਾਂ ਨੂੰ ਚਿੱਠੀਆਂ ਲਿਖੀਆਂ। ਇਸ ਯੋਜਨਾ ’ਚ ਬਹਾਦੁਰ ਸ਼ਾਹ ਜਫਰ, ਬੇਗਮ ਜੀਨਤ ਮਹਲ, ਨਵਾਬ ਵਾਜ਼ਿਦ ਅਲੀ, ਮੌਲਵੀ ਅਹਿਮਦ ਸ਼ਾਹ, ਝਾਂਸੀ ਦੀ ਰਾਣੀ ਲਕਸ਼ਮੀਬਾਈ, ਰੰਗੋ ਬਾਪੂ ਜੀ, ਖ਼ਾਨ ਬਹਾਦੁਰ ਖ਼ਾਨ, ਬਾਬੂ ਕੁੰਵਰ ਸਿੰਘ, ਆਦਿ ਸ਼ਾਮਿਲ ਹੋਏ ਜਿਸ ਵਿੱਚ ਤੈਅ ਕੀਤਾ ਗਿਆ ਕਿ 31 ਮਈ 1857 ਦਿਨ ਐਤਵਾਰ ਨੂੰ ਪੂਰੇ ਭਾਰਤ ’ਚ ਇੱਕੇ ਸਮੇਂ ਵਿਦਰੋਹ ਕੀਤਾ ਜਾਵੇ।
ਇਸ ਵਿਦਰੋਹ ਨੂੰ ਸਫ਼ਲ ਬਣਾਉਣ ਲਈ ਨਾਨਾ ਸਾਹਿਬ ਅਤੇ ਅਜੀਮਉੱਲਾ ਖ਼ਾਨ ਨੇ ਵੱਖ ਵੱਖ ਸ਼ਹਿਰਾਂ ਦੀਆਂ ‘‘ਤੀਰਥ ਯਾਤਰਾਵਾਂ’’ ਕੀਤੀਆਂ ਅਤੇ ਉਨ੍ਹਾਂ ਨੂੰ ਸੰਗ੍ਰਾਮ ’ਚ ਸ਼ਾਮਿਲ ਹੋਣ ਦੀ ਯੋਜਨਾ ਦੱਸੀ। ਵਿਦਰੋਹ ਦੇ ਕੋਡ ਸੰਕੇਤ ‘‘ਕਮਲ ਦੇ ਫੁੱਲ’’ ਅਤੇ ‘‘ਰੋਟੀਆਂ’’ ਸਨ। ਕਮਲ ਦੇ ਫੁੱਲ ਹਿੰਦੁਸਤਾਨੀ ਫੌਜਾਂ ’ਚ ਅਤੇ ਰੋਟੀਆਂ ਪਿੰਡਾਂ ਦੇ ਕਿਸਾਨਾਂ ’ਚ ਘੁਮਾਈਆਂ ਜਾਣ ਲੱਗੀਆਂ। ਪਰ ਇਹ ਵਿਦਰੋਹ ਨੀਯਤ ਮਿਤੀ ਤੋਂ ਪਹਿਲਾਂ ਹੀ ਫੁੱਟ ਪਿਆ ਅਤੇ ਮੇਰਠ ਤੋਂ ਕ੍ਰਾਂਤੀ ਸ਼ੁਰੂ ਹੋ ਗਈ। ਮੇਰਠ ’ਚ 85 ਫੌਜੀਆਂ ਨੂੰ ਸਖ਼ਤ ਸਜ਼ਾ ਦਿੱਤੀ ਗਈ ਸੀ, ਜਿਸ ਨਾਲ ਮੇਰਠ ਦੇ ਫੌਜੀ ਗੁੱਸੇ ਨਾਲ ਭੜਕ ਗਏ ਅਤੇ ਉਨ੍ਹਾਂ ਨੇ ਕ੍ਰਾਂਤੀ ਸ਼ੁਰੂ ਕਰ ਦਿੱਤੀ ਅਤੇ ਅੰਗਰੇਜ਼ ਅਫ਼ਸਰਾਂ ਦਾ ਕਤਲ ਕਰ ਦਿੱਤਾ। ਇਨ੍ਹਾਂ ਫੌਜੀਆਂ ’ਚ 53 ਮੁਸਲਿਮ ਅਤੇ 32 ਹਿੰਦੂ ਫੌਜੀ ਸਨ। ਇਸ ਤੋਂ ਬਾਅਦ ਇਹ ਕ੍ਰਾਂਤੀ ਹੌਲੀ-ਹੌਲੀ ਪੂਰੇ ਦੇਸ਼ ’ਚ ਫੈਲ ਗਈ। ਪਰ ਕ੍ਰਾਂਤੀ ਦੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਣ ਕਾਰਨ ਅੰਗਰੇਜ਼ਾਂ ਨੂੰ ਇਸ ਨੂੰ ਦਬਾਉਣ ਦਾ ਮੌਕਾ ਮਿਲ ਗਿਆ। ਇਸ ਲੜੀ ’ਚ ਥਾਂ ਥਾਂ ਕ੍ਰਾਂਤੀਆਂ ਹੁੰਦੀਆਂ ਰਹੀਆਂ ਅਤੇ ਅੰਗਰੇਜ਼ ਉਨ੍ਹਾਂ ਨੂੰ ਦਬਾਉਂਦੇ ਚਲੇ ਗਏ ਅਤੇ ਆਖਿਰ ’ਚ ਇਸ ਕ੍ਰਾਂਤੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਇਸ ਮਹਾ ਵਿਦਰੋਹ ਦੇ ਕੁੱਛ ਗੱਦਾਰ ਵੀ ਸਨ, ਜਿਨ੍ਹਾਂ ਦੀ ਗੱਦਾਰੀ ਕਾਰਨ ਅੰਗ੍ਰੇਜ਼ ਇਸ ਮਹਾ ਵਿਦਰੋਹ ਨੂੰ ਦਬਾਉਣ ’ਚ ਸਫ਼ਲ ਹੋਏ ਸਨ। ਇਨ੍ਹਾਂ ਵਿੱਚ ਬਹਾਦੁਰ ਸ਼ਾਹ ਜਫਰ ਦੇ ਕੁੜਮ ਇਲਾਹੀ ਬਖ਼ਸ਼, ਜਿਆਜੀ ਰਾਵ ਸਿੰਧੀਆ, ਜਗਨਨਾਥ ਸਿੰਘ, ਸਾਲਾਰ ਜੰਗ, ਕੁੱਛ ਗੋਰਖੇ ਅਤੇ ਸਿੱਖ ਸਰਦਾਰ, ਮਹਾਰਾਣੀ ਲਕਸ਼ਮੀਬਾਈ ਦੇ ਮਹਲ ਦਾ ਦਰਵਾਜ਼ਾ ਖੋਲ੍ਹਣ ਵਾਲਾ ਦੁਲਹਾਜ਼ੂ, ਤਾਂਤਿਆ ਟੋਪੇ ਨੂੰ ਪਕੜਵਾਉਣ ਵਾਲਾ ਮਾਨ ਸਿੰਘ ਸ਼ਾਮਿਲ ਸਨ। ਇਨ੍ਹਾਂ ਦੀ ਗੱਦਾਰੀ ਦੀ ਵਜ੍ਹਾ ਨਾਲ ਵੀ ਇਹ ਅੰਦੋਲਨ ਨਾਕਾਮਯਾਬ ਰਿਹਾ।
ਇਸ ਕ੍ਰਾਂਤੀ ਦੀ ਹਾਰ ਦੇ ਮੁੱਖ ਕਾਰਨ ਸਨ-ਇਸ ਦਾ ਨਿਸ਼ਚਿਤ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਣਾ, ਅੰਦੋਲਨਕਾਰੀਆਂ ਦਰਮਿਆਨ ਆਪਸੀ ਝਗੜੇ ਅਤੇ ਗੁੱਸੇ-ਗਿਲ਼ੇ, ਫੌਜੀ ਸੇਨਾਪਤੀਆਂ ’ਚ ਅਨੁਸ਼ਾਸਨਹੀਣਤਾ, ਕੁੱਛ ਨਵਾਬਾਂ, ਸਾਮੰਤਾਂ ਅਤੇ ਰਾਜਿਆਂ ਦੀ ਗੱਦਾਰੀ। ਇਨ੍ਹਾਂ ਕਾਰਨਾਂ ਕਰਕੇ ਭਾਰਤ ਦਾ ਇਹ ਵਿਲੱਖਣ ਸੰਗ੍ਰਾਮ ਆਪਣੇ ਮੰਤਵ ਨੂੰ ਹਾਸਿਲ ਨਾ ਕਰ ਸਕਿਆ ਅਤੇ ਆਖਿਰ ’ਚ ਅਸਫ਼ਲ ਹੋ ਗਿਆ। ਭਾਰਤ ਦੇ ਇਤਹਾਸ ਦੇ ਇਸ ਮਹਾ ਸੰਗ੍ਰਾਮ ਦੀਆਂ ਬਹੁਤ ਸਾਰੀਆਂ ਖੂਬੀਆਂ ਹਨ। ਇਸ ਨੇ ਹਿੰਦੁਸਤਾਨੀਆਂ ’ਚ ਮਨੁੱਖਤਾ ਜਗਾਈ, ਉਨ੍ਹਾਂ ਨੂੰ ਲੜਾਕੂ ਇਨਸਾਨ ਬਣਾਇਆ, ਉਨ੍ਹਾਂ ਨੂੰ ਇੱਕ ਦੂਜੇ ਲਈ ਜਾਨ ਕੁਰਬਾਨ ਕਰਨਾ ਸਿਖਾਇਆ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁੱਛ ਨਿਛਾਵਰ ਕਰਨ ਲਈ ਤਿਆਰ ਕੀਤਾ। ਇਸ ਨੇ ਚੀਨ ਨੂੰ ਅੰਗਰੇਜ਼ਾਂ ਦੇ ਸਿੱਧੇ ਗੁਲਾਮ ਹੋਣ ਤੋਂ ਬਚਾਇਆ। ਇਸ ਸੰਗ੍ਰਾਮ ਨੇ ਅੰਗਰੇਜ਼ਾਂ ਦੇ ਕੁਦਰਤ ਤੋਂ ਉਪਰੋਂ ਦੀ ਹੋਣ ਦੀ ਗਲਤਫ਼ਹਿਮੀ ਨੂੰ ਦੂਰ ਕਰ ਦਿੱਤਾ ਅਤੇ ਪੂਰੀ ਦੁਨੀਆ ਨੂੰ ਦਿਖਾਇਆ ਕਿ ਇੱਕ ਸੰਗਠਤ ਸੰਗ੍ਰਾਮ ਤਹਿਤ ਵੱਡੇ ਵੱਡੇ ਜ਼ਾਲਿਮ-ਲੁਟੇਰਿਆਂ ਨੂੰ ਹਰਾਇਆ ਜਾ ਸਕਦਾ ਹੈ । ਅਤੇ ਇਸ ਨੇ ਪੂਰੇ ਦੇਸ਼ ਅਤੇ ਦੁਨੀਆ ’ਚ ਇਹ ਚਿਨਗ ਜਗਾਈ ਕਿ ਅੰਗ੍ਰੇਜ਼ਾਂ ਨੂੰ ਬਕਾਇਦਾ ਹਰਾਇਆ ਜਾ ਸਕਦਾ ਹੈ।
ਇਸ ਮਹਾਨ ਸੰਗ੍ਰਾਮ ਦੀਆਂ ਬੜੀਆਂ ਨਿਵੇਕਲੀਆਂ ਸਿੱਖਿਆਵਾਂ ਵੀ ਹਨ। ਇਸ ਨੇ ਸਿਖਾਇਆ ਕਿ ਸਮਾਜਿਕ, ਆਰਥਿਕ ਅਤੇ ਸਿਆਸੀ ਬਦਲਾਅ ਲਈ ਸਮਾਜ ’ਚ ਜੇ ਕੁੱਛ ਕਰਨਾ ਹੈ ਤਾਂ, ਉਸ ਲਈ ਜ਼ਰੂਰੀ ਹੈ ਕਿ ਇੱਕ ਕ੍ਰਾਂਤੀਕਾਰੀ ਪ੍ਰੋਗਰਾਮ ਹੋਵੇ, ਕ੍ਰਾਂਤੀਕਾਰੀਆਂ ਦੀ ਇੱਕ ਸਾਂਝੀ ਅਗਵਾਈ ਹੋਵੇ, ਇੱਕ ਕ੍ਰਾਂਤੀਕਾਰੀ ਕਮੇਟੀ ਹੋਵੇ, ਲੋਕਾਂ ਅਤੇ ਪ੍ਰਤੀਨਿਧੀਆਂ ’ਚ ਕ੍ਰਾਂਤੀਕਾਰੀ ਅਨੁਸ਼ਾਸਨ ਹੋਵੇ ਅਤੇ ਕ੍ਰਾਂਤੀਕਾਰੀ ਜਨਤਾ ਸੰਘਰਸ਼ ਕਰਨ ਲਈ ਇਕੱਠੀ ਤਿਆਰ ਹੋਵੇ।
ਇਸ ਮਹਾਨ ਆਜ਼ਾਦੀ ਸੰਗ੍ਰਾਮ ਦੀ ਬਹੁਤ ਵੱਡੀ ਵਿਰਾਸਤ ਹੈ। ਇਸ ਨੇ ਭਾਰਤੀਆਂ ’ਚ ਅਤੇ ਲੋਕਾਂ ’ਚ, ਹਿੰਦੂ ਮੁਸਲਿਮ ਏਕਤਾ ਕਾਇਮ ਕੀਤੀ ਆਪਣੇ ਅੰਦਰੂਨੀ ਸੰਘਰਸ਼ਾਂ, ਵਿਵਾਦਾਂ ਅਤੇ ਆਪਸੀ ਮਤਭੇਦਾਂ ਨੂੰ ਭੁਲਾ ਕੇ ਸੰਘਰਸ਼ ਕਰਨਾ ਸਿਖਾਇਆ, ਭਾਰਤੀਆਂ ਨੂੰ ਸਿਰ ਉੱਚਾ ਕਰਕੇ ਚਲਣਾ ਸਿਖਾਇਆ ਅਤੇ ਸਾਰੇ ਭਾਰਤੀਆਂ ਦੇ ਆਤਮ ਸਨਮਾਨ ਨੂੰ ਜਗਾਇਆ, ਉਨ੍ਹਾਂ ਨੂੰ ਆਜ਼ਾਦੀ ਦੇ ਮਹਾਨ ਸੁਪਨਿਆਂ ਲਈ ਲੜਨ, ਮਰਨ ਅਤੇ ਸੰਘਰਸ਼ ਕਰਨਾ ਸਿਖਾਇਆ, ਉਨ੍ਹਾਂ ਨੂੰ ਆਜ਼ਾਦੀ ਲਈ ਆਪਣਾ ਸਭ ਕੁੱਛ ਕੁਰਬਾਨ ਕਰਨਾ ਸਿਖਾਇਆ ਕਿ ਆਪਸੀ ਗਿਲ੍ਹੇ-ਸ਼ਿਕਵੇ ਭੁਲਾ ਕੇ ਲੜੇ ਬਿਨਾ ਅਸੀਂ ਕੋਈ ਜੰਗ ਜਿੱਤ ਨਹੀਂ ਸਕਦੇ।
ਭਾਰਤ ਦੀ ਆਜ਼ਾਦੀ ਦੇ ਇਸ ਮਹਾਨ ਸੰਗ੍ਰਾਮ ਦੇ 167 ਸਾਲ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੀ ਜਨਤਾ ਨੂੰ ਅੱਜ ਵੀ ਅਨਿਆਂ, ਸ਼ੋਸ਼ਣ ਅਤੇ ਜ਼ੁਲਮਾਂ ਤੋਂ ਮਕੁੰਮਲ ਤੌਰ ’ਤੇ ਮੁਕਤੀ ਨਹੀਂ ਮਿਲੀ। ਉਸ ਸਮੇਂ ਦੇਖੇ ਲੋਕਾਂ ਦੇ ਸੁਪਨੇ ਅੱਜ ਵੀ ਅਧੂਰੇ ਹਨ। ਪਹਿਲਾਂ ਅੰਗ੍ਰੇਜ਼ ਲੁਟੇਰੇ ਸਾਡਾ ਸ਼ੋਸ਼ਣ ਕਰ ਰਹੇ ਸਨ ਅਤੇ ਅੱਜ ਭਾਰਤ ਦਾ ਅਮੀਰ ਤਬਕਾ, ਵੱਡੇ-ਵੱਡੇ ਪੂੰਜੀਪਤੀ ਅਤੇ ਉਨ੍ਹਾਂ ਦੀ ਸਰਕਾਰ, ਸਾਡੀ ਜਨਤਾ ਦੇ ਵਾਜ਼ਿਬ ਹੱਕ ਅਤੇ ਅਧਿਕਾਰ ਉਨ੍ਹਾਂ ਨੂੰ ਮਿਲਣ ਨਹੀਂ ਦੇ ਰਹੇ ਹਨ ਅਤੇ ਲਗਾਤਾਰ ਉਨ੍ਹਾਂ ਦੀ ਲੁੱਟ ਤੇ ਸ਼ੋਸ਼ਣ ਜਾਰੀ ਹਨ। ਇਸੇ ਲਈ ਸਾਨੂੰ ਇਸ ਮਹਾਨ ਸੰਗ੍ਰਾਮ ਦੀਆਂ ਪ੍ਰਾਪਤੀਆਂ ਅਤੇ ਗਲਤੀਆਂ ਤੋਂ ਸਿੱਖ ਕੇ, ਇੱਕ ਨਵੇਂ ਸੰਗ੍ਰਾਮ ਦੀ ਸ਼ੁਰੂਆਤ ਕਰਨੀ ਹੈ ਜਿਸ ਨਾਲ ਭਾਰਤ ਦੀ ਚੰਗੀ ਜਨਤਾ ਦਾ ਵਿਕਾਸ ਹੋਵੇ, ਸਾਰਿਆਂ ਨੂੰ ਰੋਟੀ ਕਪੜਾ ਮਕਾਨ ਸਿੱਖਿਆ ਚੰਗੀ ਸਿਹਤ ਮਿਲੇ, ਸਾਰਿਆਂ ਨੂੰ ਰੁਜ਼ਗਾਰ ਮਿਲੇ ਅਤੇ ਭਾਰਤ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਭਾਰਤ ਦੀ ਸਾਰੀ ਜਨਤਾ ਦੇ ਵਿਕਾਸ ਲਈ ਹੋਵੇ। ਸਾਰੇ ਭਾਰਤੀਆਂ ਦੇ ਸਿਰ ਨੂੰ ਉੱਚਾ ਕਰਨ ਵਾਲੇ ਭਾਰਤ ਦੇ 1857 ਦੇ ਪਹਿਲੇ ਆਜ਼ਾਦੀ ਸੰਗ੍ਰਾਮ ਨੂੰ ਕੋਟਿ-ਕੋਟਿ ਪ੍ਰਣਾਮ।
--0---
-ਮੁਨੀਸ਼ ਤਿਆਗੀ
-ਅਨੁ: ਮਹੀਪਾਲ ਸਿੰਘ ਵਾਲੀਆ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ