Qadian 26 december
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਦੀਆਂ ਸਖ਼ਤ ਹਦਾਇਤਾਂ ਤੇ ਡਾ ਅੰਕੁਰ ਕੌਸ਼ਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਭਾਮ ਤੇ ਕਾਦੀਆਂ ਦੇ ਦਿਸ਼ਾ ਨਿਰਦੇਸ਼ਾ ਹੇਠ ਮੈਡੀਕਲ ਅਫਸਰ ਕਾਦੀਆਂ ਸ਼ੁਭਨੀਤ ਕੁਮਾਰ ਦੀ ਅਗਵਾਈ ਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਵੱਲੋਂ ਆਪਣੀ ਟੀਮ ਸਮੇਤ ਕਾਦੀਆਂ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਅਤੇ ਤੰਬਾਕੂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਣ ਦੇ ਉਪਾਅ ਦੱਸੇ ਗਏ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਨਸ਼ਾਮੁਕਤ ਸਮਾਜ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਛੱਡਣ ਦੇ ਇਛੁੱਕ ਮਰੀਜ਼ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਕੇਂਦਰਾਂ ਓਟ ਸੈਂਟਰਾਂ ਵਿਖੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਇਹ ਇਲਾਜ ਮਾਹਰ ਡਾਕਟਰ ਅਤੇ ਸਟਾਫ ਦੀ ਨਿਗਰਾਨੀ ਹੇਠ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਲਾਜ ਅਧੀਨ ਨਸ਼ਾ ਪੀੜਤ ਨੌਜਵਾਨਾਂ ਨੂੰ ਰੋਜ਼ੀ-ਰੋਟੀ ਦੇ ਕਾਬਲ ਬਣਾਉਣ ਲਈ ਕਿੱਤਾ ਮੁਖੀ ਕੋਰਸ ਕਰਵਾਏ ਜਾ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਤੰਬਾਕੂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਹਨਾਂ ਨਸ਼ਿਆਂ ਦੇ ਕਾਰਨ ਹੁਣ ਤੱਕ ਕਈ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਹਨ। ਇਸ ਲਈ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਨਸ਼ਿਆਂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਦੂਰ ਹੋ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਯੋਗਦਾਨ ਪਾਉਨਾ ਚਾਹੀਦਾ ਹੈ। ਅਖੀਰ ਚ ਉਹਨਾਂ ਨੇ ਤੰਬਾਕੂ ਸਿਗਰਟ ਅਤੇ ਹੋਰ ਨਸ਼ਿਆਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਲੋਕਾਂ ਦੇ ਵੱਲੋ ਪ੍ਰਣ ਕੀਤਾ ਗਿਆ ਕਿ ਉਹ ਆਪਣੇ ਆਸ-ਪਾਸ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਹ ਜਾਣਕਾਰੀ ਸਾਂਝੀ ਕਰਨਗੇ ਤਾਂ ਜੋ ਕੋਈ ਵੀ ਨੌਜਵਾਨ ਅਜਿਹੀਆਂ ਭਿਆਨਕ ਬਿਮਾਰੀਆਂ ਵਿੱਚ ਨਾ ਫਸ ਸਕੇ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਨਾਲ ਸਿਹਤ ਕਰਮਚਾਰੀ ਪੰਮਾ ਆਦਿ ਮੈਂਬਰ ਹਾਜ਼ਰ ਸਨ।