ਸ੍ਰੀ ਫ਼ਤਹਿਗੜ੍ਹ ਸਾਹਿਬ/7 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਅਮਲੋਹ ਨੇੜਲੇ ਪਿੰਡ ਭੱਦਲਥੂਹਾ ਨਜ਼ਦੀਕ ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਥਾਣਾ ਸਮਰਾਲਾ ਦੇ ਐਸਐਚਓ ਇੰਸਪੈਕਟਰ ਦਵਿੰਦਰ ਪਾਲ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਇੰਸਪੈਕਟਰ ਦਵਿੰਦਰ ਪਾਲ ਸਿੰਘ ਇਨੋਵਾ ਕਾਰ ਪੀ.ਬੀ.10-ਐਫ.ਬੀ-7000 ਚਲਾਉਂਦੇ ਹੋਏ ਰਾਤ ਕਰੀਬ ਡੇਢ ਵਜੇ ਜਦੋਂ ਪਿੰਡ ਭੱਦਲਥੂਹਾ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਉਹਨਾਂ ਦੀ ਕਾਰ ਅੱਗੇ ਜਾ ਰਹੇ ਇੱਕ ਟਰੱਕ ਦੇ ਪਿੱਛੇ ਜ਼ੋਰ ਨਾਲ ਵੱਜੀ ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਟਰੱਕ ਦੇ ਹੇਠਾਂ ਫਸ ਗਿਆ ਤੇ ਇੰਸਪੈਕਟਰ ਦਵਿੰਦਰ ਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਜਵਾਈ ਗੌਰਵ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ ਜਦੋਂ ਕਿ ਉਸ ਦੇ ਸਹੁਰਾ ਸਾਹਿਬ ਦਵਿੰਦਰ ਪਾਲ ਸਿੰਘ ਆਪਣੀ ਇਨੋਵਾ ਗੱਡੀ 'ਚ ਉਹਨਾਂ ਤੋਂ ਅੱਗੇ ਚੱਲ ਰਹੇ ਸਨ ਜਿਨਾਂ ਦੇ ਅੱਗੇ ਇੱਕ ਟਰੱਕ ਚਾਲਕ ਬਹੁਤ ਅਣਗਹਿਲੀ ਨਾਲ ਟਰੱਕ ਚਲਾਉਂਦਾ ਹੋਇਆ ਜਾ ਰਿਹਾ ਸੀ ਤੇ ਜਦੋਂ ਉਹ ਪਿੰਡ ਭੱਦਲਥੂਹਾ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਇਨੋਵਾ ਕਾਰ ਟਰੱਕ ਦੇ ਪਿੱਛੇ ਵੱਜ ਕੇ ਬੁਰੀ ਤਰ੍ਹਾਂ ਫਸ ਗਈ ਜਿਸ ਨੂੰ ਟਰੱਕ ਚਾਲਕ ਕੁਝ ਦੂਰੀ ਤੱਕ ਘੜੀਸਦਾ ਹੋਇਆ ਨਾਲ ਹੀ ਲੈ ਗਿਆ। ਟਰੱਕ ਦੇ ਰੁਕਣ 'ਤੇ ਰਾਹਗੀਰਾਂ ਦੀ ਮਦਦ ਨਾਲ ਜਦੋਂ ਉਸਦੇ ਸਹੁਰਾ ਸਾਹਿਬ ਦਵਿੰਦਰ ਪਾਲ ਸਿੰਘ ਨੂੰ ਅੱਗੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਇਨੋਵਾ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਗੌਰਵ ਸ਼ਰਮਾ ਦੇ ਬਿਆਨਾਂ 'ਤੇ ਟਰੱਕ ਦੇ ਨਾਮਾਲੂਮ ਚਾਲਕ ਵਿਰੁੱਧ ਅ/ਧ 281,106,324(4) ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਅਮਲੋਹ ਦੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।