ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ ਅਤੇ ਭਾਜਪਾ ਆਗੂ ਕੰਗਨਾ ਰਣੌਤ ਦੇ ਕਿਸਾਨ ਵਿਰੋਧੀ ਰੁਖ਼ ਲਈ ਉਨ੍ਹਾਂ ਦੀ ਸਖ਼ਤ ਨਿੰਦਾ ਕੀਤੀ। ‘ਆਪ’ ਆਗੂਆਂ ਨੇ ਕਿਹਾ ਕਿ ਕੰਗਨਾ ਰਣੌਤ ਦਾ ਬਿਆਨ ਕੋਈ ਨਵਾਂ ਨਹੀਂ ਹੈ, ਸਗੋਂ ਇਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਹੈ।
ਇਸ ਧਰਨੇ ਦੀ ਅਗਵਾਈ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ (ਆਪ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ) ਅਤੇ ਸ਼ਮਿੰਦਰ ਸਿੰਘ ਖਿੰਡਾ (ਕਿਸਾਨ ਵਿੰਗ ਇੰਚਾਰਜ 'ਤੇ ਚੇਅਰਮੈਨ ਐਗਰੋ ਇੰਡਸਟਰੀ ਕਾਰਪੋਰੇਸ਼ਨ) ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ 'ਚ 'ਆਪ' ਆਗੂਆਂ ਅਤੇ ਵਲੰਟੀਅਰਾਂ ਨੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕੰਗਨਾ ਰਣੌਤ ਹੁਣ ਸੰਸਦ ਮੈਂਬਰ ਹਨ, ਇਹ ਇਕ ਅਹਿਮ ਜ਼ਿੰਮੇਵਾਰੀ ਹੈ, ਉਹ ਕਿਸੇ ਇਕ ਸਮੂਹ ਜਾਂ ਦੂਜੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬੇਤੁਕੇ ਬਿਆਨ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਭਾਜਪਾ ਆਗੂ ਨੇ ਸਾਡੇ ਕਿਸਾਨਾਂ ਵਿਰੁੱਧ ਅਜਿਹਾ ਬਿਆਨ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਦੌਰਾਨ ਭਾਜਪਾ ਆਗੂ ਲਗਾਤਾਰ ਸਾਡੇ ਕਿਸਾਨਾਂ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਬਿਆਨਬਾਜ਼ੀ ਕਰਦੇ ਰਹੇ। ਕੰਗਨਾ ਰਣੌਤ ਦੀ ਤਾਜ਼ਾ ਟਿੱਪਣੀ ਵੀ ਸਾਡੇ ਕਿਸਾਨਾਂ ਪ੍ਰਤੀ ਅਪਮਾਨਜਨਕ ਹੈ ਅਤੇ ਬਹੁਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੰਗਨਾ ਦੇ ਬਿਆਨ ਤੋਂ ਦੂਰੀ ਬਣਾ ਰਹੀ ਹੈ।