Thursday, January 02, 2025  

ਸੰਪਾਦਕੀ

ਸਬਸਿਡੀਆਂ ਦੇ ਰੌਲ਼ੇ ਦੀ ਹਕੀਕਤ : ਜੇਬ ’ਚੋਂ 100 ਰੁਪਏ ਕੱਢ ਕੇ ਇੱਕ ਰੁਪਈਆ ਵਾਪਸ ਦੇਣ ਦੀ ਖੇਡ

May 13, 2024

ਜਿਸ ਤਰ੍ਹਾਂ ਸਮਾਨ ਵੇਚਣ ਵਾਲੀਆਂ ਕੰਪਨੀਆਂ ਆਪਣਾ ਮੁਨਾਫ਼ਾ ਵਧਾਉਣ ਲਈ ਇੱਕ ਨਾਲ ਇੱਕ ਜਿਨਸ ਮੁਫ਼ਤ ਦੇਣ ਦਾ ਤਰੀਕਾ ਅਪਨਾਉਂਦੀਆਂ ਹਨ ਉਹ ਹੀ ਤਰੀਕਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁਫ਼ਤ ਦੀਆਂ ਯੋਜਨਾਵਾਂ ਦੇ ਨਾਂ ’ਤੇ ਸ਼ੁਰੂ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੇ ਟੈਕਸ ਲਾ ਕੇ ਲੋਕਾਂ ਦੀਆਂ ਜੇਬਾਂ ’ਚੋਂ 100 ਰੁਪਏ ਕੱਢ ਕੇ ਉਸ ਵਿੱਚੋਂ ਇੱਕ ਰੁਪਈਆ ਮੁਫ਼ਤ ਦੀਆਂ ਯੋਜਨਾਵਾਂ ਦੇ ਨਾਮ ਤੇ ਵਾਪਸ ਜੇਬ ’ਚ ਪਾ ਕੇ ਸਰਕਾਰ ਹੋਰ ਵੀ ਵੱਧ ਕਮਾਈ ਕਰ ਰਹੀ ਹੈ। ਆਓ, ਸਰਕਾਰ ਦੀ ਇਸ ਚਲਾਕੀ ਨੂੰ ਸਿੱਧੇ -ਸਾਦੇ ਢੰਗ ਨਾਲ ਸਮਝਦੇ ਹਾਂ।
ਸਰਕਾਰ ਨੇ ਇਸ ਵਰ੍ਹੇ ਜੀਐਸਟੀ ਦੇ ਨਾਮ ’ਤੇ 20 ਲੱਖ ਕਰੋੜ ਰੁਪਏ ਅਤੇ ਪੈਟਰੋਲੀਅਮ ਉਤਪਾਦਾਂ ’ਤੇ ਟੈਕਸ ਦੇ ਰੂਪ ’ਚ ਸਾਢੇ ਸੱਤ ਲੱਖ ਕਰੋੜ ਰੁਪਏ ਲੋਕਾਂ ਦੀਆਂ ਜੇਬਾਂ ’ਚੋਂ ਕੱਢੇ। ਇਸ ਤਰ੍ਹਾਂ ਇਨ੍ਹਾਂ ਦੋ ਮੱਦਾਂ ’ਚ ਕੁੱਲ ਸਾਢੇ ਸਤਾਈ ਲੱਖ ਕਰੋੜ ਰੁਪਏ ਲੋਕਾਂ ਦੀਆਂ ਜੇਬਾਂ ’ਚੋਂ ਕੱਢੇ ਗਏ। ਆਕਸਫੇਮ ਸੰਸਥਾ ਨੇ ਆਪਣੀ ਪੜਤਾਲੀਆ ਰਿਪੋਰਟ ’ਚ ਦੱਸਿਆ ਹੈ ਕਿ ਸਰਕਾਰ ਨੇ ਕੁੱਲ ਟੈਕਸ ਵਸੂਲੀ ਦਾ 64.3 ਪ੍ਰਤੀਸ਼ਤ, ਗ਼ਰੀਬ ਆਬਾਦੀ ਦੇ 50 ਪ੍ਰਤੀਸ਼ਤ ਲੋਕਾਂ ਦੀਆਂ ਜੇਬਾਂ ’ਚੋਂ ਕੱਢਿਆ ਹੈ। ਇਸ ਤਰ੍ਹਾਂ 17 ਲੱਖ 68 ਹਜ਼ਾਰ ਕਰੋੜ ਰੁਪਏ ਤੋਂ ਵੱਧ ਸਰਕਾਰ ਨੇ ਉਸ ਗ਼ਰੀਬ ਜਨਤਾ ਦੀਆਂ ਜੇਬਾਂ ’ਚੋਂ ਕੱਢ ਲਏ ਜਿਸ ਨੂੰ ਵੱਖ ਵੱਖ ਤਰ੍ਹਾਂ ਦੀਆਂ ਗਰੰਟੀਆਂ ਦੇਣ ਦਾ ਰੌਲਾ ਸਰਕਾਰ ਪਾ ਰਹੀ ਹੈ। ਇਸ ਵਿੱਚ ਮੱਧ ਵਰਗ ਦੀਆਂ ਜੇਬਾਂ ’ਚੋਂ ਟੈਕਸ ਦੇ ਰੂਪ ’ਚ ਕੱਢੇ ਗਏ ਪੈਸੇ ਸ਼ਾਮਿਲ ਨਹੀਂ ਹਨ।
ਹੁਣ ਸਰਕਾਰ ਨੇ ਟੈਕਸ ਦੇ ਰੂਪ ’ਚ ਵਸੂਲੇ ਗਏ ਰੁਪਇਆਂ ’ਚੋਂ ਕਿੰਨੇ ਰੁਪਏ ਇਨ੍ਹਾਂ ਮੁਫ਼ਤ ਦੀਆਂ ਯੋਜਨਾਵਾਂ ਦੇ ਨਾਮ ’ਤੇ ਲੋਕਾਂ ਦੀਆਂ ਜੇਬਾਂ ’ਚ ਪਾਏ ਹਨ, ਆਓ, ਹਿਸਾਬ ਲਾਉਂਦੇ ਹਾਂ। ਮੁਫ਼ਤ ਅਨਾਜ਼, ਕਿਸਾਨਾਂ ਨੂੰ ਖ਼ਾਦ ਸਬਸਿਡੀ, ਊਰਜਾ, ਆਯੁਸ਼ਮਾਨ ਯੋਜਨਾ, ਕਿਸਾਨ ਸਨਮਾਨ ਨਿਧੀ, ਇਨ੍ਹਾਂ ਸਾਰੀਆਂ ਯੋਜਨਾਵਾਂ ’ਤੇ ਵਿਆਜ਼ ਸਬਸਿਡੀ, ਸਭ ਨੂੰ ਮਿਲਾ ਕੇ, ਸਰਕਾਰ ਨੇ ਲਗਭਗ 5 ਲੱਖ ਕਰੋੜ ਰੁਪਏ, ’ਤੇ ਖ਼ਰਚ ਕੀਤੇ ਹਨ। ਇਸ ਤਰ੍ਹਾਂ ਦੇਸ਼ ਦੀ ਅੱਧੀ ਆਬਾਦੀ, ਜੋ 71 ਕਰੋੜ ਹੈ, ਉਸਦੀ ਜੇਬ ’ਚੋਂ ਸਾਢੇ ਸਤਾਈ ਲੱਖ ਕਰੋੜ ਰੁਪਏ ਤੋਂ ਵੱਧ ਕੱਢ ਕੇ, ਇਨ੍ਹਾਂ ਕੱਢੇ ਗਏ ਰੁਪਈਆਂ ’ਚੋਂ 5 ਲੱਖ ਕਰੋੜ ਉਨ੍ਹਾਂ ਦੀਆਂ ਜੇਬਾਂ ’ਚ ਵਾਪਸ ਪਾ ਦਿੱਤੇ ਗਏ। ਜਿਸ ਤਰ੍ਹਾਂ ਇੱਕ ਨਾਲ ਇੱਕ ਫਰੀ ਦਾ ਤਰੀਕਾ ਅਪਨਾ ਕੇ ਸਮਾਨ ਵੇਚਣ ਵਾਲੀਆਂ ਕੰਪਨੀਆਂ ਕਾਫੀ ਮੁਨਾਫ਼ਾ ਕਮਾਂ ਲੈਂਦੀਆਂ ਹਨ ਉਸੇ ਤਰੀਕੇ ਨੂੰ ਅਪਨਾ ਕੇ ਸਰਕਾਰ ਨੇ ਸਾਢੇ ਬਾਈ ਲੱਖ ਕਰੋੜ ਰੁਪਏ ਤੋਂ ਵੱਧ ਰੁਪਏ ਕਮਾ ਲਏ।
ਇਸ ਦੇ ਬਾਅਦ ਉਨ੍ਹਾਂ ਹੀ ਗ਼ਰੀਬ ਲੋਕਾਂ ਦੀਆਂ ਜੇਬਾਂ ’ਚੋਂ ਕੱਢੇ ਗਏ ਪੈਸੇ ਨਾਲ ਇਸ਼ਤਿਹਾਰਬਾਜ਼ੀ ਕਰਕੇ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਆਪਣੇ ਕੋਲੋਂ ਉਨ੍ਹਾਂ ਨੂੰ ਮੁਫ਼ਤ ਸਹੂਲਤਾਂ ਦੇ ਰਹੀ ਹੈ। ਸਰਕਾਰ ਦੀ ਇਸ ਚਲਾਕੀ ਨੂੰ ਨਾ ਸਮਝਣ ਕਰਕੇ ਗ਼ਰੀਬ ਜਨਤਾ ਆਪਣੀਆਂ ਵੋਟਾਂ ਪ੍ਰਚਾਰ ਦੇ ਝਾਂਸੇ ’ਚ ਆ ਕੇ ਉਨ੍ਹਾਂ ਨੂੰ ਹੀ ਪਾ ਆਉਂਦੀ ਹੈ।
ਇਸ ਵਾਰ ਅਸੀਂ ਝੂਠੇ ਪ੍ਰਚਾਰ ਦੇ ਪ੍ਰਭਾਵ ’ਚ ਨਹੀਂ ਆਉਣਾ, ਤੁਸੀਂ ਖ਼ੁਦ ਹਿਸਾਬ ਲਾ ਸਕਦੇ ਹੋ, ਆਪਣੇ ਪੜ੍ਹ-ਲਿਖੇ ਬੱਚਿਆਂ ਕੋਲੋਂ ਹਿਸਾਬ ਲਵਾ ਸਕਦੇ ਹੋ ਕਿ ਸਰਕਾਰ ਨੇ ਸਿਰਫ਼ ਜੀਐਸਟੀ ਅਤੇ ਪੈਟਰੋਲੀਅਮ ਉਤਪਾਦਾਂ ਦੇ ਟੈਕਸ ਰਾਹੀਂ ਤੁਹਾਡੇ ਤੋਂ ਕਿੰਨੇ ਰੁਪਈਏ ਵਸੂਲੇ ਅਤੇ ਸਾਰੀਆਂ ਯੋਜਨਾਵਾਂ ’ਤੇ ਕਿੰਨੇ ਰੁਪਏ ਖ਼ਰਚ ਕੀਤੇ। ਇਹ ਜੋ ਵੀ ਮੁਫ਼ਤ ਦੇ ਨਾਂ ’ਤੇ ਤੁਹਾਨੂੰ ਦਿੱਤਾ ਜਾ ਰਿਹਾ ਹੈ, ਇਹ ਤੁਹਾਡੇ ਕੋਲੋਂ ਵਸੂਲੇ ਗਏ 100 ਰੁਪਈਆਂ ’ਚੋਂ ਸਿਰਫ਼ ਇੱਕ ਰੁਪਏ ਦੀ ਵਾਪਸੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ