Thursday, January 02, 2025  

ਸੰਪਾਦਕੀ

ਤੱਤੀਆਂ ਹਵਾਵਾਂ ਦੀ ਆਮਦ : ਗਰਮੀ ਦੀ ਅੱਤ ਨਾਲ ਨਜਿੱਠਣ ਲਈ ਵੱਖਰੀ ਯੋਜਨਾ ਦੀ ਜ਼ਰੂਰਤ

May 18, 2024

ਮਈ ਦਾ ਮਹੀਨਾ ਗਰਮੀ ਦਾ ਮਹੀਨਾ ਮੰਨਿਆ ਜਾਂਦਾ ਹੈ ਪਰ ਇਸ ਸਾਲ ਇਸ ਮਹੀਨੇ ’ਚ ਕੁੱਝ ਜ਼ਿਆਦਾ ਹੀ ਗਰਮੀ ਪੈਣ ਲੱਗੀ ਹੈ। ਪਿਛਲੇ ਵੀਰਵਾਰ ਦਾ ਦਿਨ ਹਾਲੇ ਤੱਕ ਦੇ ਗਰਮੀ ਦੇ ਮੌਸਮ ਦਾ ਸਭ ਤੋਂ ਗਰਮ ਦਿਨ ਰਿਹਾ ਹੈ। ਇਸ ਦਿਨ ਵੱਧ ਤੋਂ ਵੱਧ ਤਾਪਮਾਨ 41.09 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ, ਜਿਹੜਾ ਕਿ ਆਮ ਨਾਲੋਂ 3 ਡਿਗਰੀ ਜ਼ਿਆਦਾ ਸੀ। ਪੰਜਾਬ ’ਚ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਰੱਖਿਆ ਹੈ। ਸਭ ਤੋਂ ਜ਼ਿਆਦਾ ਰਾਤਾਂ ਅਤੇ ਦਿਨ ਬਠਿੰਡਾ ਦੇ ਹੀ ਸਭ ਤੋਂ ਗਰਮ ਰਹੇ ਹਨ। ਇਥੇ ਤਾਪਮਾਨ 44 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 4.6 ਡਿਗਰੀ ਜ਼ਿਆਦਾ ਸੀ। ਹਰਿਆਣਾ ਦੇ ਸਿਰਸਾ ’ਚ ਤਾਪਮਾਨ ਸਭ ਤੋਂ ਵੱਧ 46.02 ਡਿਗਰੀ ਸੈਲਸੀਅਸ ਰਿਹਾ। ਦੱਖਣੀ ਪੰਜਾਬ ’ਚ ਇਸ ਸਮੇਂ 42 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਬਣਿਆ ਹੋਇਆ ਹੈ ਅਤੇ ਇਸ ’ਚ ਅਗਲੇ ਦੋ ਦਿਨਾਂ ’ਚ 2 ਡਿਗਰੀ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ’ਚ ਅਗਲੇ ਤਿੰਨ-ਚਾਰ ਦਿਨਾਂ ’ਚ ਲੂ ਚੱਲਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ ਚਾਰ-ਪੰਜ ਦਿਨਾਂ ’ਚ ਗਰਮੀ ਦੇ ਹੋਰ ਵੱਧਣ ਦੇ ਆਸਾਰ ਹਨ। ਤਾਪਮਾਨ ’ਚ 4 ਡਿਗਰੀ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਹਵਾ ’ਚ ਨਮੀ ਦੀ ਮਾਤਰਾ ਵੀ 50 ਪ੍ਰਤੀਸ਼ਤ ਤੱਕ ਘਟ ਸਕਦੀ ਹੈ। ਇਸੇ ਕਰਕੇ ਮੌਸਮ ਵਿਭਾਗ ਵੱਲੋਂ ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਧੁੱਪ ਤੋਂ ਬਚਣ, ਹਲਕੇ ਅਤੇ ਢਿੱਲੇ ਕੱਪੜੇ ਪਾਉਣ, ਸਿਰ ਢੱਕ ਕੇ ਰੱਖਣ, ਅਲਕੋਹਲ ਤੇ ਕੈਫੀਨ ਪੀਣ ਵਾਲੀਆਂ ਚੀਜ਼ਾਂ ਤੋਂ ਬਚਣ ਅਤੇ ਖੁੱਲ੍ਹ ਕੇ ਪਾਣੀ ਪੀਣ।
ਗਰਮੀ ਦੀ ਇਸ ਪ੍ਰਕਾਰ ਦੀ ਆਮਦ ਨੂੰ ਬਾਰੀਕੀ ਨਾਲ ਸਮਝਿਆ ਜਾ ਰਿਹਾ ਹੈ। ਦਰਅਸਲ ਪਿਛਲੇ ਸਾਲਾਂ ’ਚ ਮੌਸਮਾਂ ’ਚ ਜੋ ਤਬਦੀਲੀਆਂ ਆਈਆਂ ਹਨ, ਉਨ੍ਹਾਂ ਨੂੰ ਵਾਤਾਵਰਣ ਦੀ ਤਬਦੀਲੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਰਤ ਵਿੱਚ ਪਿਛਲੇ 2 ਸਾਲਾਂ ਦੌਰਾਨ ਗਰਮ ਮੌਸਮ ਨਾਲ ਸੰਬੰਧਤ ਮੌਤਾਂ ਦੀ ਗਿਣਤੀ ਵੀ ਵਧੀ ਹੈ। ਮਿਸਾਲ ਦੇ ਤੌਰ ’ਤੇ ਪਿਛਲੇ ਸਾਲ ਸੰਸਦ ’ਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸਿਹਤ ਮੰਤਰਾਲੇ ਨੇ ਦੱਸਿਆ ਸੀ ਕਿ ਉਸ ਦੀ ਜਾਣਕਾਰੀ ਅਨੁਸਾਰ 2022 ਵਿੱਚ ਜ਼ਿਆਦਾ ਗਰਮ ਮੌਸਮ ਕਾਰਨ 33 ਲੋਕ ਮਾਰੇ ਗਏ ਸਨ ਪਰ ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2022 ਵਿੱਚ ਗਰਮੀ ਨਾਲ 730 ਮੌਤਾਂ ਹੋਈਆਂ ਸਨ। ਸਿਹਤ ਮੰਤਰਾਲੇ ਨੇ ਆਪਣੇ ਜਵਾਬ ’ਚ ਇਹ ਵੀ ਬਿਆਨ ਦਿੱਤਾ ਸੀ 2023 ਦੇ ਪਹਿਲੇ 6 ਮਹੀਨਿਆਂ ਦੌਰਾਨ ਗਰਮੀ ਦੀ ਅੱਤ ਕਾਰਨ 264 ਲੋਕ ਮਾਰੇ ਗਏ ਸਨ।
ਮੌਸਮ ਵਿਗਿਆਨ ਨਾਲ ਸੰਬੰਧਤ ਵਿਸ਼ਵ ਦੀਆਂ ਪ੍ਰਸਿੱਧ ਸੰਸਥਾਵਾਂ ਅਨੁਸਾਰ 2023 ਦਾ ਸਾਲ ਪਿਛਲੇ 2 ਹਜ਼ਾਰ ਸਾਲਾਂ ’ਚ ਸਭ ਤੋਂ ਗਰਮ ਰਿਹਾ ਹੈ ਅਤੇ 2024 ਦਾ ਸਾਲ ਉਸ ਤੋਂ ਹੋਰ ਗਰਮ ਹੋਣ ਜਾ ਰਿਹਾ ਹੈ। ਵਿਗਿਆਨੀਆਂ ਨੇ ਭਾਰਤ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ’ਚ ਬਹੁਤ ਜ਼ਿਆਦਾ ਗਰਮੀ ਪੈਣ ਦਾ ਕਾਰਨ ਵਾਤਾਵਰਣ ਦੀ ਤਬਦੀਲੀ ਮੰਨਿਆ ਹੈ। ਇਹ ਤੀਜਾ ਸਾਲ ਹੈ ਜਦੋਂ ਭਾਰਤ ’ਚ ਗਰਮੀ ਦੇ ਵਾਧੇ ਦਾ ਕਾਰਨ ਵਾਤਾਵਰਣ ਦੀ ਤਬਦੀਲੀ ਨੂੰ ਮੰਨਿਆ ਗਿਆ ਹੈ। ਤੱਤੀਆਂ ਹਵਾਵਾਂ (ਲੂ) ਨੂੰ ਤਾਪਮਾਨ ਦੇ ਅਸਧਾਰਣ ਵਾਧੇ ਨਾਲ ਜੋੜ ਕੇ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਨਾ ਕਿ ਉੱਚ ਤਾਪਮਾਨ ਨਾਲ। ਜਦੋਂ ਕਿਸੇ ਸਥਾਨ ’ਤੇ ਆਮ ਨਾਲੋਂ ਤਾਪਮਾਨ 5-7 ਜਾਂ 7-8 ਡਿਗਰੀ ਸੈਲਸੀਅਸ ਵੱਧਦਾ ਹੈ ਤਾਂ ਇਸ ਨੂੰ ਤਾਪਮਾਨ ਦਾ ਗ਼ੈਰ-ਮਾਮੂਲੀ ਵਾਧਾ (ਹੀਟਵੇਵ) ਮੰਨਿਆ ਜਾਂਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਉੱਚ ਤਾਪਮਾਨ ਦਾ ਦੌਰ ਹੁਣ ਲੰਬਾ ਹੁੰਦਾ ਜਾ ਰਿਹਾ ਹੈ, ਜਿੱਥੇ ਪਹਿਲਾਂ ਇਹ ਹਫ਼ਤਾ ਭਰ ਰਹਿੰਦਾ ਸੀ, ਉਥੇ ਹੁਣ ਇਹ 10 ਤੋਂ 20 ਦਿਨ ਤੱਕ ਰਹਿਣ ਲੱਗਾ ਹੈ। ਸੋ, ਸਮਝਿਆ ਜਾ ਸਕਦਾ ਹੈ ਕਿ ਵਾਤਾਵਰਣ ਦੀ ਤਬਦੀਲੀ ਗਰਮੀ ਦਾ ਕਹਿਰ ਲਿਆ ਰਹੀ ਹੈ, ਜਿਸ ਲਈ ਦੇਸ਼ ਨੂੰ ਅੱਤ ਦੀ ਗਰਮੀ ਨਾਲ ਨਜਿੱਠਣ ਲਈ ਇੱਕ ਵੱਖਰੀ ਯੋਜਨਾ ਤਿਆਰ ਕਰਨੀ ਪਵੇਗੀ। ਇਸ ਮਾਮਲੇ ’ਚ ਹਾਲੇ ਅਸੀਂ ਪੱਛੜ ਕੇ ਚੱਲ ਰਹੇ ਹਾਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ