Thursday, January 02, 2025  

ਸੰਪਾਦਕੀ

ਪੰਜਵੇਂ ਗੇੜ ਲਈ ਭਾਜਪਾ ਦਾ ਪ੍ਰਚਾਰ ਰਿਹਾ ਕਰਨਾਟਕ ਵਾਲਾ

May 22, 2024

2024 ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਅੰਤਿਮ ਪੜਾਵਾਂ ’ਤੇ ਪਹੁੰਚ ਗਈ ਹੈ। ਬੀਤੇ ਸੋਮਵਾਰ, 20 ਮਈ ਨੂੰ ਪੰਜਵੇਂ ਗੇੜ ’ਚ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸ਼ਿਤ ਰਾਜਾਂ ਦੇ ਲੋਕ ਸਭਾ ਦੇ 49 ਚੋਣ-ਹਲਕਿਆਂ ਵਿੱਚ ਵੋਟਾਂ ਪੈ ਚੁੱਕੀਆਂ ਹਨ। ਹੁਣ ਤੱਕ ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ 427 ਸੀਟਾਂ ’ਤੇ ਵੋਟਾਂ ਪੈ ਗਈਆਂ ਹਨ। ਪੰਜਵੇਂ ਗੇੜ ’ਚ ਉੜੀਸਾ ਦੇ ਵਿਧਾਨ ਸਭਾ ਦੇ 35 ਹਲਕਿਆਂ ’ਤੇ ਵੀ ਵੋਟਾਂ ਪਈਆਂ ਹਨ। ਕੋਈ 78 ਪ੍ਰਤੀਸ਼ਤ ਪਾਰਲੀਮਾਨੀ ਹਲਕਿਆਂ ’ਚ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ। ਬਹੁਤ ਸਾਰੇ ਵੱਡੇ ਆਗੂਆਂ ਬਾਰੇ ਵੀ ਫੈਸਲਾ ਹੋ ਚੁੱਕਾ ਹੈ, ਬੱਸ ਗਿਣਤੀ ਬਾਕੀ ਹੈ। ਚੋਣ ਕਮਿਸ਼ਨ ਨੇ ਇਸ ਵਾਰ ਲੋਕ ਸਭਾ ਦੀਆਂ ਆਮ ਚੋਣਾਂ ਸੱਤ ਗੇੜਾਂ ’ਚ ਕਰਵਾਉਣ ਦਾ ਫੈਸਲਾ ਸੀ। ਹੁਣ ਛੇਵੇਂ ਗੇੜ ’ਚ 25 ਮਈ ਨੂੰ 58 ਸੀਟਾਂ ਲਈ ਵੋਟਾਂ ਪੈਣਗੀਆਂ ਅਤੇ ਸੱਤਵੇਂ ਅਤੇ ਆਖਰੀ ਗੇੜ ’ਚ ਪਹਿਲੀ ਜੂਨ ਨੂੰ 57 ਸੀਟਾਂ ’ਤੇ ਵੋਟਾਂ ਪੈਣ ਨਾਲ ਚੋਣ-ਪ੍ਰਕਿਰਿਆ ਖ਼ਤਮ ਹੋ ਜਾਵੇਗੀ। ਅਰੁਣਾਚਲ ਅਤੇ ਸਿੱਕਮ ਦੇ ਨਤੀਜੇ 20 ਜੂਨ ਨੂੰ ਐਲਾਨੇ ਜਾਣੇ ਹਨ ਜਦੋਂ ਕਿ ਲੋਕ ਸਭਾ ਅਤੇ ਆਂਧਰਾ ਤੇ ਉੜੀਸਾ ਦੀਆਂ ਵਿਧਾਨ ਸਭਾਵਾਂ ਦੇ ਨਤੀਜਿਆਂ ਦਾ ਐਲਾਨ ਚੋਣ-ਕਮਿਸ਼ਨ ਦੁਆਰਾ 4 ਜੂਨ ਨੂੰ ਕੀਤਾ ਜਾਵੇਗਾ।
ਭਾਰਤੀ ਜਨਤਾ ਪਾਰਟੀ ਕੇਂਦਰ ਵਿੱਚ ਤੀਜੀ ਵਾਰ ਆਪਣੀ ਸਰਕਾਰ ਬਣਾਉਣ ਲਈ ਚੋਣਾਂ ਲੜ ਰਹੀ ਹੈ ਅਤੇ ਇਸ ਨੇ ਆਪਣੇ ਹੋਣ ਜਾ ਰਹੇ ਪ੍ਰਧਾਨ ਮੰਤਰੀ ਬਾਰੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਿਸ ਪ੍ਰਕਾਰ ਪ੍ਰਚਾਰ ਅਤੇ ਵਿਰੋਧੀ ਪਾਰਟੀਆਂ, ਖ਼ਾਸਕਰ ਕਾਂਗਰਸ, ਖ਼ਿਲਾਫ਼ ਹਮਲੇ ਕਰਨ ਦੀ ਕਮਾਨ ਸਾਂਭੀ ਹੋਈ ਹੈ ਉਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹ ਖ਼ੁਦ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੀ ਲੜਾਈ ਵੀ ਲੜ ਰਹੇ ਹਨ। ਕੇਂਦਰ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੁਪਨਾ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਾਬਰੀ ਕਰਨ ਨਾਲ ਵੀ ਜੁੜਿਆ ਹੋਇਆ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਸਮਝ ਹੈ ਕਿ ਕਾਂਗਰਸ ਵਾਂਗ ਹੀ ਹੁਣ ਉਨ੍ਹਾਂ ਦੇ ਰਾਜ ਕਰਨ ਦਾ ਸਮਾਂ ਆ ਗਿਆ ਹੈ ਜੋ ਕਿ ਲੰਬਾ ਸਮਾਂ ਚੱਲੇਗਾ।
ਪਰ ਪੰਜਵੇਂ ਗੇੜ ਲਈ ਭਾਰਤੀ ਜਨਤਾ ਪਾਰਟੀ ਅਤੇ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੋਟਾਂ ਹਾਸਲ ਕਰਨ ਲਈ ਜਿਹੜਾ ਪ੍ਰਚਾਰ ਕੀਤਾ ਹੈ, ਉਸ ਤੋਂ ਸਾਫ਼ ਹੈ ਕਿ ਕਾਂਗਰਸ ਦੇ ਰਾਜ ਦੇ ਪਹਿਲੇ ਦਹਾਕਿਆਂ ’ਚ ਜਿੱਥੇ ਦੇਸ਼ ਦੀ ਉਸਾਰੀ ਤੇ ਭਾਰਤੀ ਲੋਕਾਂ ਦੀ ਇਕ ਪਛਾਣ ਘੜਨ ਦਾ ਕੰਮ ਵੱਡੇ ਪੈਮਾਨੇ ’ਤੇ ਵਿੱਢਿਆ ਗਿਆ ਸੀ ਅਤੇ ਇਸ ’ਚ ਵੱਡੀਆਂ ਸਫ਼ਲਤਾਵਾਂ ਵੀ ਹਾਸਲ ਕੀਤੀਆਂ ਗਈਆਂ ਹਨ, ਉੱਥੇ ਭਾਰਤੀ ਜਨਤਾ ਪਾਰਟੀ ਭਾਰਤੀ ਲੋਕਾਂ ’ਚ ਵੰਡੀਆਂ ਪਾਉਣ ਅਤੇ ਧਰੁਵੀਕਰਨ ਕਰਨ ’ਤੇ ਜ਼ੋਰ ਲਾ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਪੰਜਵੇਂ ਗੇੜ ’ਚ ਵੋਟਾਂ ਹਾਸਲ ਕਰਨ ਲਈ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਹੈ ਅਤੇ ਫ਼ਿਰਕੂ ਮੁੱਦਿਆਂ ਨੂੰ ਉਭਾਰਿਆ ਹੈ, ਉਸ ਨੂੰ ਦੇਖ ਕੇ ਇਸ ਪਾਰਟੀ ਦੁਆਰਾ ਪਿਛਲੇ ਸਾਲ, ਮਈ ’ਚ, ਕਰਨਾਟਕ ਦੀ ਵਿਧਾਨ ਸਭਾ ਦੀ ਚੋਣ ਸਮੇਂ ਕੀਤੇ ਚੋਣ-ਪ੍ਰਚਾਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਰਾਜ ਹੱਥੋਂ ਜਾਂਦਾ ਦੇਖ ਭਾਰਤੀ ਜਨਤਾ ਪਾਰਟੀ ਨੇ ਕਰਨਾਟਕ ਦੀ ਚੋਣ ਸਮੇਂ ਹਰੇਕ ਫ਼ਿਰਕੂ ਮੁੱਦਾ ਚੁੱਕਿਆ ਅਤੇ ਪ੍ਰਚਾਰਿਆ ਸੀ। ਉਸ ਸਮੇਂ ਇਸ ਪਾਰਟੀ ਦਾ ਸਾਰਾ ਪ੍ਰਚਾਰ ਮੁਸਲਿਮ ਵਿਰੋਧੀ ਸੀ। ਪੰਜਵੇਂ ਗੇੜ ਲਈ ਵੋਟਾਂ ਸਮੇਂ ਵੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰੱਜ ਕੇ ਮੁਸਲਿਮ ਵਿਰੋਧੀ ਵਿਚਾਰ ਹੀ ਕੀਤਾ ਹੈ। ਇਸ ਦਾ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਲਾਭ ਮਿਲਿਆ ਇਸ ਦਾ ਪਤਾ ਤਾਂ ਚਾਰ ਜੂਨ ਨੂੰ ਹੀ ਲੱਗੇਗਾ ਪਰ ਕਰਨਾਟਕ ’ਚ ਇਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ