Thursday, January 02, 2025  

ਸੰਪਾਦਕੀ

ਚੋਣ-ਕਮਿਸ਼ਨ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾ ’ਤੇ ਰਹੇ ਇਤਰਾਜ਼

May 29, 2024

18ਵੀਂ ਲੋਕ ਸਭਾ ਲਈ ਵੋਟਾਂ ਪਾਉਣ ਦੀ ਸੱਤ ਗੇੜਾਂ ’ਚ ਵੰਡੀ ਚੋਣ-ਪ੍ਰਕਿਰਿਆ ਖ਼ਤਮ ਹੋਣ ਕਿਨਾਰੇ ਪਹੁੰਚ ਗਈ ਹੈ। ਪਿਛਲੇ ਸ਼ਨੀਵਾਰ ਅੱਠ ਰਾਜਾਂ ਤੇ ਕੇਂਦਰ ਪ੍ਰਸ਼ਾਸਿਤ ਰਾਜਾਂ ’ਚ ਵੋਟਾਂ ਪੈਣ ਨਾਲ 28 ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਰਾਜਾਂ ਦੀਆਂ 486 ਸੀਟਾਂ ’ਤੇ ਵੋਟਾਂ ਪੈਣ ਦਾ ਕੰਮ ਨੇਪਰੇ ਲਗ ਗਿਆ । ਉੜੀਸ਼ਾ ਦੀ ਵਿਧਾਨ ਸਭਾ ਲਈ ਵੀ 105 ਵਿਧਾਨ ਸਭਾ ਹਲਕਿਆਂ ’ਤੇ ਵੋਟਾਂ ਪੈ ਗਈਆਂ ਹਨ ਅਤੇ ਹੁਣ ਆਖ਼ਰੀ ਸੱਤਵੇਂ ਗੇੜ ਲਈ ਵੋਟਾਂ ਪਹਿਲੀ ਜੂਨ ਨੂੰ ਪੈਣੀਆਂ ਹਨ। ਪਹਿਲੀ ਜੂਨ ਨੂੰ 7 ਰਾਜਾਂ ਅਤੇ ਚੰਡੀਗੜ੍ਹ ਦੇ ਕੇਂਦਰ ਪ੍ਰਸ਼ਾਸਿਤ ਰਾਜ ’ਚ ਵੋਟਾਂ ਪੈਣਗੀਆਂ। ਕੁੱਲ 57 ਚੋਣ ਹਲਕਿਆਂ ਵਿੱਚ 904 ਉਮੀਦਵਾਰਾਂ ਦੀ ਜਿੱਤ ਹਾਰ ਦਾ ਫ਼ੈਸਲਾ ਹੋਣਾ ਹੈ। ਪੰਜਾਬ ਦੀਆਂ 13 ਦੀਆਂ 13 ਅਤੇ ਹਿਮਾਚਲ ਦੀਆਂ ਸਾਰੀਆਂ 4 ਸੀਟਾਂ ’ਤੇ ਲੋਕ ਫ਼ਤਵਾ ਦੇਣਗੇ। ਬਾਕੀਆਂ ਵਿੱਚ ਉੱਤਰ ਪ੍ਰਦੇਸ਼ ਦੀਆਂ 13 ਸੀਟਾਂ, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8 ਅਤੇ ਉੜੀਸ਼ਾ ਦੀਆਂ 6 ਸੀਟਾਂ ਮੁੱਖ ਹਨ। 3 ਸੀਟਾਂ ਝਾਰਖੰਡ ਦੀਆਂ ਵੀ ਹਨ ਜਿੱਥੇ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਹਨ। ਪਹਿਲੀ ਜੂਨ ਦੀਆਂ ਵੋਟਾਂ ਦੇ ਨਾਲ ਹੀ 19 ਅਪਰੈਲ ਤੋਂ ਨਵੀਂ ਲੋਕ ਸਭਾ ਚੁਣਨ ਦੀ ਹਾਲੇ ਤੱਕ ਦੀ ਸਭ ਤੋਂ ਲੰਬੀ ਚੋਣ ਪ੍ਰਕਿਰਿਆ ਖ਼ਤਮ ਹੋ ਜਾਵੇਗੀ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
2024 ਦੀਆਂ ਆਮ ਚੋਣਾਂ ’ਚ ਲੰਬੀ ਚੋਣ ਪ੍ਰਕਿਰਿਆ ਤੋਂ ਇਲਾਵਾ ਵੀ ਕਈ ਅਜਿਹੀਆਂ ਗੱਲਾਂ ਹੋਈਆਂ ਹਨ ਜੋ ਪਹਿਲੀ ਵਾਰ ਵਾਪਰੀਆਂ ਹਨ। ਇਨ੍ਹਾਂ ਚੋਣਾਂ ’ਚ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਦਿਆਨਤਦਾਰੀ ’ਤੇ ਸਵਾਲ ਖੜ੍ਹੇ ਹੋਏ ਹਨ ਜੋ ਕਿ ਇਕ ਜਮਹੂਰੀ ਵਿਵਸਥਾ ਰੱਖਦੇ ਮੁਲਕ ਲਈ ਗੰਭੀਰ ਮਾਮਲਾ ਹੈ। ਬੇਸ਼ੱਕ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਕਹਿਣ ਲੱਗੇ ਹਨ ਕਿ ਵਿਰੋਧੀ ‘ਇੰਡੀਆ’ ਗੱਠਜੋੜ ਹਾਰ ਜਾਣ ਬਾਅਦ ਚੋਣ-ਕਮਿਸ਼ਨ ਨੂੰ ਦੋਸ਼ ਦੇਵੇਗਾ ਪਰ ਚੋਣ-ਕਮਿਸ਼ਨ ’ਤੇ ਸਵਾਲ ਖੜ੍ਹੇ ਕਰਨ ਲਈ ਜ਼ਮੀਨ ਮੋਦੀ ਸਰਕਾਰ ਨੇ ਹੀ ਤਿਆਰ ਕੀਤੀ ਹੈ। ਸਰਕਾਰ ਦੁਆਰਾ ਚੋਣ-ਕਮਿਸ਼ਨਰਾਂ ਦੀ ਚੋਣ ਸਮੇਂ ਚੋਣ-ਕਮੇਟੀ ਵਿੱਚੋਂ ਭਾਰਤ ਦੇ ਚੀਫ਼ ਜਸਟਿਸ ਦਾ ਨਾਮ ਕੱਢ ਦੇਣ ਨੇ ਠੀਕ ਹੀ ਸੰਦੇਹ ਪੈਦਾ ਕੀਤੇ ਹਨ, ਕਿਉਂਕਿ ਹੁਣ ਚੋਣ-ਕਮਿਸ਼ਨਰਾਂ ਦੀ ਚੋਣ ਅਜਿਹੀ ਕਮੇਟੀ ਦੇ ਹੱਥ ਹੈ ਜਿਸ ’ਚ ਵਿਰੋਧੀ ਪਾਰਟੀ ਦਾ ਇੱਕ ਨੇਤਾ ਅਤੇ ਸਰਕਾਰ ਦੇ ਦੋ ਜਣੇ -ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ-ਸ਼ਾਮਿਲ ਹਨ।
ਇਨ੍ਹਾਂ ਚੋਣਾਂ ਦੌਰਾਨ ਹੋਏ ਚੋਣ ਪ੍ਰਚਾਰ ਦਾ ਇੱਕ ਖ਼ਾਸ ਲੱਛਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਚੋਣ-ਪ੍ਰਚਾਰ ਦੌਰਾਨ ਦੇਸ਼ ਦੇ ਵੱਡੇ ਭਾਈਚਾਰੇ ਨੂੰ ਭੰਡਣਾ ਰਿਹਾ ਹੈ ਜਿਸ ਲਈ ਉਨ੍ਹਾਂ ਬੇਤੁਕੇ ਫ਼ਿਰਕਾਪ੍ਰਸਤ ਬਿਆਨਾਂ ਤੱਕ ਦਾ ਆਸਰਾ ਲਿਆ ਹੈ। ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨੇ ਆਪਣਾ ਮਨਪਸੰਦ ਫ਼ਿਕਰਾ ‘‘140 ਕਰੋੜ ਭਾਰਤੀ’’ ਬਹੁਤ ਘੱਟ ਵਰਤਿਆ। ਉਨ੍ਹਾਂ ਦਾ ਸਾਰਾ ਧਿਆਨ ਧਰੁਵੀਕਰਨ ’ਤੇ ਲੱਗਾ ਰਿਹਾ। ਪ੍ਰਧਾਨ ਮੰਤਰੀ ਦੇ ਇਸ ਕਿਸਮ ਦੇ ਚੋਣ ਪ੍ਰਚਾਰ ਕਾਰਨ ਹੀ ਬਹੁਤ ਸਾਰੇ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਮਿਲਿਆ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਹੁਕਮਰਾਨ ਸਿਆਸੀ ਪਾਰਟੀ, ਭਾਰਤੀ ਜਨਤਾ ਪਾਰਟੀ, ਨੂੰ ਕੁੱਛ ਅਜਿਹੀਆਂ ਖ਼ਬਰਾਂ ਮਿਲੀਆਂ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ
ਪਤਾ ਚੱਲਿਆ ਹੈ ਕਿ ਚੋਣਾਂ ’ਚ ਉਨ੍ਹਾਂ ਦੀ ਹਾਰ ਹੋ ਰਹੀ ਹੈ। ਇਸ ਵਿੱਚ ਸ਼ੱਕ ਨਹੀਂ ਹੈ ਕਿ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਚੋਣ-ਦੌਰਾਨ ਸਥਿਤੀ ਦਾ ਜਾਇਜ਼ਾ ਲੈਂਦੀ ਰਹਿੰਦੀ ਹੈ ਅਤੇ ਸੰਭਵ ਹੈ ਕਿ ਸਰਕਾਰ ਦੀ ਘੱਟ ਰਹੀ ਮਕਬੂਲੀਅਤ ਦਾ ਵੀ ਪਤਾ ਚੱਲਿਆ ਹੋਵੇ, ਪਰ ਅੰਤਮ ਸੱਚ ਦੇ ਬਾਹਰ ਆਉਣ ਨੂੰ ਹੁਣ ਬਹੁਤਾ ਸਮਾਂ ਨਹੀਂ ਰਹਿ ਗਿਆ ਹੈ, ਜਿਸ ਕਰਕੇ ਹੁਣ ਨਤੀਜੇ ਉਡੀਕਣ ਦਾ ਸਮਾਂ ਆ ਗਿਆ ਹੈ। ਆਖਰੀ ਗੇੜ ਦੀਆਂ ਵੋਟਾਂ ਲਈ ਪ੍ਰਚਾਰ ਦਾ ਵੀ ਬਹੁਤਾ ਸਮਾਂ ਨਹੀਂ ਰਿਹਾ ਹੈ। ਹਫ਼ਤੇ ਅੰਦਰ ਭਾਰਤ ਲਈ ਇਤਹਾਸਕ ਫ਼ੈਸਲਾ ਆਉਣ ਵਾਲਾ ਹੈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ