ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਡਾਇਰੀਆ ਬਿਮਾਰੀ ਜ਼ਿਆਦਾਤਰ ਪਾਣੀ ਵਿੱਚ ਆਏ ਗੰਧਲੇਪਣ ਕਾਰਨ ਫੈਲਦੀ ਹੈ। ਜਦੋਂ ਵੀ ਕੋਈ ਵਿਅਕਤੀ ਗੰਦਾ ਪਾਣੀ ਇਸਤੇਮਾਲ ਕਰਦਾ ਹੈ ਤਾਂ ਉਸਨੂੰ ਡਾਇਰੀਆ ਜਾਂ ਹੋਰ ਪੇਟ ਦੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀਂ ਮੋਰਿੰਡਾ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਡਾਇਰੀਆ ਦੇ ਫੈਲਣ ਨਾਲ 85 ਤੋਂ ਜਿਆਦਾ ਮਰੀਜ਼ ਡਾਇਰੀਆ ਦੇ ਸ਼ਿਕਾਰ ਹੋ ਚੁੱਕੇ ਹਨ। ਮੋਰਿੰਡਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ 11 ਟਿਊਬਵੈੱਲ ਲੱਗੇ ਹੋਏ ਹਨ, ਜਿਹਨਾਂ ਵਿੱਚ 3 ਪਾਣੀ ਦੀਆਂ ਟੈਂਕੀਆਂ ਰਾਹੀਂ ਸ਼ਹਿਰ ਨੂੰ ਸਪਲਾਈ ਕਰਦੇ ਹਨ, ਚੌਥੀ ਪਾਣੀ ਦੀ ਟੈਂਕੀ ਅਨਾਜ ਮੰਡੀ ਵਿੱਚ ਵੀ ਲੱਗੀ ਹੋਈ ਹੈ, 8 ਟਿਊਬਵੈੱਲਾਂ ਦੀ ਸਪਲਾਈ ਸਿੱਧੀ ਹੋ ਰਹੀ ਹੈ। ਮੋਰਿੰਡਾ ਵਿੱਚ ਪੀਣ ਵਾਲੇ ਪਾਣੀ ਦੀ ਵਧਦੀ ਮੰਗ ਨੂੰ ਲੈ ਕੇ ਟਿਊਬਵੈੱਲ ਲਗਾਏ ਹੋਏ ਹਨ, ਕਈ ਸਾਲ ਪਹਿਲਾਂ ਜੋਂ ਇਹ ਟਿਊਬਵੈੱਲ ਲੱਗੇ ਸਨ ਤਾਂ ਉਸ ਸਮੇਂ ਬਕਾਇਦਾ ਪਾਣੀ ਸਾਫ ਕਰਨ ਲਈ ਦਵਾਈ ਪਾਈ ਜਾਂਦੀ ਸੀ ਪ੍ਰੰਤੂ ਅੱਜ ਕੱਲ ਪਾਣੀ ਨੂੰ ਸਾਫ ਕਰਨ ਵਿੱਚ ਕੁਤਾਹੀ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ਸਬੰਧ ਵਿੱਚ ਕੈਮੀਸਟ ਐਸੋਸੀਏਸ਼ਨ ਦੇ ਪ੍ਰਧਾਨ ਬਚਨ ਲਾਲ ਵਰਮਾ, ਵਿਨੋਦ ਧੀਮਾਨ, ਲਖਵੀਰ ਸਿੰਘ, ਸੁਖਦੀਪ ਸਿੰਘ ਭੰਗੂ, ਹਰਸ਼ ਕੋਹਲੀ, ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਕੁੱਝ ਟਿਊਬਵੈੱਲ ਅਜਿਹੀਆਂ ਥਾਵਾਂ ਤੇ ਲੱਗ ਚੁੱਕੇ ਹਨ ਜਿੱਥੇ ਸੀਵਰੇਜ ਦਾ ਪਾਣੀ ਹਮੇਸ਼ਾ ਹੀ ਧਰਤੀ ਵਿੱਚ ਰਿਸਦਾ ਰਹਿੰਦਾ ਹੈ। ਕਈ ਥਾਵਾਂ ਤੇ ਜੋ ਵਾਟਰ ਸਪਲਾਈ ਦੀਆਂ ਪਾਈਪਾਂ ਹਨ। ਉਹ ਟੁੱਟ ਚੁੱਕੀਆਂ ਹਨ, ਉਹਨਾਂ ਰਾਹੀਂ ਵੀ ਗੰਦਾ ਪਾਣੀ ਮਿਲ ਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ। ਅਜਿਹੀਆਂ ਕਈ ਵਾਰੀ ਸ਼ਿਕਾਇਤਾਂ ਸ਼ਹਿਰ ਵਾਸੀਆਂ ਵਲੋਂ ਸਬੰਧਿਤ ਅਧਿਕਾਰੀਆਂ ਨੂੰ ਕੀਤੀਆਂ ਵੀ ਗਈਆਂ ਹਨ।