ਸਿਵਲ ਸਰਜਨ ਡਾ. ਕਿਰਪਾਲ ਸਿੰਘ ਵੱਲੋ ਡੇਂਗੂ ਖਿਲਾਫ ਵਿੱਢੀ ਮੁਹਿੰਮ ਦੀ ਕਮਾਂਡ ਖੁੱਦ ਸਾਂਭ ਰੱਖੀ ਹੈ ਅਤੇ ਖੁੱਦ ਨਿਗਰਾਨੀ ਵੀ ਕਰ ਰਹੇ ਹਨ ਤਾਂ ਜਿਲੇ ਦੇ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਾਇਆ ਜਾ ਇਸ ਲੜੀ ਤਹਿਤ ‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਤਹਿਤ ਸਿਹਤ ਬਲਾਕ ਕੌਹਰੀਆਂ ਦੀਆਂ ਟੀਮਾਂ ਵੱਲੋਂ ਵੱਖ ਵੱਖ ਥਾਂਵਾਂ 'ਤੇ ਜਾ ਕੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਲਾਰਵਾ ਮਿਲਣ ‘ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਨੇ ਛਾਹੜ ਭੱਠੇ 'ਤੇ ਕੰਮ ਕਰਨ ਵਾਲਿਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਬਰਸਾਤੀ ਪਾਣੀ ਕਾਰਨ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਫੈਲ ਸਕਦੀਆਂ ਹਨ। ਉਨਾਂ ਦੱਸਿਆ ਕਿ ਛੱਤਾਂ ‘ਤੇ ਪਏ ਟਾਇਰਾਂ, ਟੁੱਟੇ ਬਰਤਨਾਂ ਅਤੇ ਹੋਰ ਥਾਂਵਾਂ ‘ਤੇ ਪਾਣੀ ਖੜਾ ਹੋਣ ਨਾਲ ਡੇਂਗੂ ਮੱਛਰ ਪੈਦਾ ਹੁੰਦਾ ਹੈ, ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਘਰਾਂ ਅਤੇ ਦਫਤਰਾਂ ਵਿਚ ਕੂਲਰਾਂ, ਕੰਟੇਨਰਾਂ, ਬਰਤਨਾਂ, ਛੱਤਾਂ ਅਤੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਡੇਗੂ ਏਡੀਜ ਅਜਿਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਉਲਟੀਆਂ, ਅੱਖਾਂ ਅਤੇ ਪਿਛਲੇ ਹਿੱਸੇ ਵਿਚ ਦਰਦ, ਜੋੜਾਂ ਅਤੇ ਹੱਡੀਆਂ ਵਿੱਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ ਵਿਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰ ਭਜਾਉ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ। ਡੇਂਗੂ ਦੀ ਜਾਂਚ ਸਾਰੇ ਸਰਕਾਰੀ ਸਿਹਤ ਕੇਦਰਾਂ ਵਿਚ ਮੁਫ਼ਤ ਕੀਤੀ ਜਾਂਦੀ ਹੈ।